ਕੀਵ, 19 ਅਪਰੈਲ
ਰੂਸ ਨੇ ਯੂਕਰੇਨ ਦੇ ਪੂਰਬੀ ਉਦਯੋਗਿਕ ਖੇਤਰ ਡੋਨਬਾਸ ’ਤੇ ਕਬਜ਼ੇ ਲਈ ਵੱਡੇ ਪੱਧਰ ’ਤੇ ਜ਼ਮੀਨੀ ਹਮਲਾ ਵਿੱਢ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਸ਼ਹਿਰਾਂ ਅਤੇ ਕਸਬਿਆਂ ’ਤੇ ਵੀ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਨੂੰ ਦੋਵਾਂ ਧਿਰਾਂ ਦੇ ਅਧਿਕਾਰੀਆਂ ਨੇ ‘ਯੁੱਧ ਦਾ ਨਵਾਂ ਪੜਾਅ’ ਕਰਾਰ ਦਿੱਤਾ ਹੈ।
ਰੂਸ ਦੇ ਰਾਜਧਾਨੀ ਕੀਵ ਨੂੰ ਜ਼ਬਤ ਕਰਨ ਦੇ ਯਤਨ ਅਸਫ਼ਲ ਰਹਿਣ ਮਗਰੋਂ ਕਰੈਮਲਿਨ ਨੇ ਐਲਾਨ ਕੀਤਾ ਹੈ ਕਿ ਉਸ ਦਾ ਮੁੱਖ ਟੀਚਾ ਪੂਰਬੀ ਡੋਨਬਾਸ ਖੇਤਰ ’ਤੇ ਕਬਜ਼ਾ ਕਰਨਾ ਹੈ। ਜੇਕਰ ਉਹ ਇਸ ਵਿੱਚ ਸਫਲ ਹੋ ਜਾਂਦਾ ਹੈ ਤਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਯੂਕਰੇਨ ਦਾ ਇੱਕ ਅਹਿਮ ਹਿੱਸਾ ਦਿੱਤਾ ਜਾਵੇਗਾ। ਪਿਛਲੇ ਕਈ ਦਿਨਾਂ ਤੱਕ ਮੁੜ ਸੰਗਠਿਤ ਹੋਣ ਅਤੇ ਖ਼ੁਦ ਨੂੰ ਮਜ਼ਬੂਤ ਕਰਨ ਮਗਰੋਂ ਰੂਸੀ ਫ਼ੌਜ ਨੇ ਦੇਸ਼ ਦੇ ਉਦਯੋਗਿਕ ਕੇਂਦਰ ਡੋਨਬਾਸ ’ਤੇ ਕਬਜ਼ੇ ਲਈ ਵੱਡੇ ਪੱਧਰ ’ਤੇ ਜ਼ਮੀਨੀ ਲੜਾਈ ਸ਼ੁਰੂ ਕਰ ਦਿੱਤੀ ਹੈ। ਮਾਸਕੋ ਤੋਂ ਸਮਰਥਨ ਪ੍ਰਾਪਤ ਵੱਖਵਾਦੀ ਅੱਠ ਸਾਲ ਤੋਂ ਯੂਕਰੇਨੀ ਫ਼ੌਜ ਨਾਲ ਲੋਹਾ ਲੈਂਦੇ ਆ ਰਹੇ ਹਨ ਅਤੇ ਉਨ੍ਹਾਂ ਨੇ ਦੋ ਆਜ਼ਾਦ ਗਣਰਾਜ ਬਣਾਉਣ ਦਾ ਐਲਾਨ ਵੀ ਕੀਤਾ ਹੈ, ਜਿਸ ਨੂੰ ਰੂਸ ਨੇ ਮਾਨਤਾ ਦਿੱਤੀ ਹੋਈ ਹੈ। ਯੂਕਰੇਨ ਦੇ ਰਾਸ਼ਟਰਪਤੀ ਅਤੇ ਹੋਰ ਅਧਿਕਾਰੀਆਂ ਨੇ ਕਿਹਾ ਕਿ ਹਮਲੇ ਸ਼ੁਰੂ ਹੋ ਗਏ ਹਨ। ਇਸ ਯੁੱਧ ’ਤੇ ਨਜ਼ਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਇਹ ਸਿਰਫ਼ ਨਵੇਂ ਵੱਡੇ ਹਮਲੇ ਦੀ ਸ਼ੁਰੂਆਤ ਹੈ। ਯੂਕਰੇਨ ਦੀ ਫ਼ੌਜ ਨੇ ਅੱਜ ਸਵੇਰੇ ਕਿਹਾ, ‘‘ਰੂਸੀ ਫ਼ੌਜ ਨੇ ਡੋਨਬਾਸ ਖੇਤਰ ’ਤੇ ਮੁਕੰਮਲ ਕਬਜ਼ੇ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਕਬਜ਼ਾ ਕਰਨ ਵਾਲਿਆਂ ਨੇ ਸਰਹੱਦ ’ਤੇ ਲੱਗੇ ਸਾਡੇ ਸੁਰੱਖਿਆ ਘੇਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ।’’ -ਏਪੀ
ਰੂਸੀ ਮੁਹਿੰਮ ਨਵੇਂ ਪੜਾਅ ’ਚ ਦਾਖ਼ਲ ਹੋ ਰਹੀ ਹੈ: ਲਾਵਰੋਵ
ਮਾਸਕੋ: ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸੀ ਮੁਹਿੰਮ ਇੱਕ ਨਵੇਂ ਪੜਾਅ ਵਿੱਚ ਦਾਖ਼ਲ ਹੋ ਰਹੀ ਹੈ। ਉਨ੍ਹਾਂ ਕਿਹਾ, ‘‘ਮੁਹਿੰਮ ਜਾਰੀ ਹੈ ਅਤੇ ਇਸ ਮੁਹਿੰਮ ਦਾ ਇੱਕ ਹੋਰ ਗੇੜ ਹੁਣ ਸ਼ੁਰੂ ਜਾ ਰਿਹਾ ਹੈ।’’ ਲਾਵਰੋਵ ਨੇ ਜ਼ੋਰ ਦਿੱਤਾ ਕਿ ਰੂਸੀ ਆਪਰੇਸ਼ਨ ਦਾ ਮਕਸਦ ‘ਦੋਨੇਤਸਕ ਅਤੇ ਲੁਹਾਂਸਕ ਗਣਰਾਜਾਂ ਦੀ ਮੁਕੰਮਲ ਆਜ਼ਾਦੀ ਹੈ।’’ -ਏਪੀ