ਮਾਸਕੋ, 20 ਫਰਵਰੀ
ਮਾਸਕੋ ਦੀ ਇੱਕ ਅਦਾਲਤ ਨੇ ਰੂਸ ਦੇ ਵਿਰੋਧੀ ਨੇਤਾ ਅਲੈਕਸੀ ਨਵਾਲਨੀ ਦੀ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਸ਼ਨਿਚਰਵਾਰ ਨੂੰ ਰੱਦ ਕਰ ਦਿੱਤੀ। ਮਾਸਕੋ ਸ਼ਹਿਰ ਦੀ ਅਦਾਲਤ ਨੇ ਇਹ ਹੁਕਮ ਜਾਰੀ ਕੀਤਾ ਹੈ। ਹਾਲਾਂਕਿ, ਯੂੁਰੋਪ ਦੀ ਇੱਕ ਉੱਚ ਮਨੁੱਖੀ ਅਧਿਕਾਰ ਅਦਾਲਤ ਨੇ ਨਵਾਲਨੀ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਦੇ ਉਕਤ ਫ਼ੈਸਲੇ ਤੋਂ ਪਹਿਲਾਂ ਅੱਜ ਨਵਾਲਨੀ ਨੇ ਇੱਕ ਭਾਸ਼ਣ ’ਚ ਬਾਈਬਲ ਅਤੇ ‘ਹੈਰੀ ਪੋਟਰ’ ਦਾ ਹਵਾਲਾ ਦਿੰਦਿਆਂ ਰੂਸੀ ਲੋਕਾਂ ਨੂੰ ਕਰੈਮਲਿਨ (ਰੂਸੀ ਰਾਸ਼ਟਰਪਤੀ ਭਵਨ) ਖ਼ਿਲਾਫ਼ ਖੜ੍ਹੇ ਹੋਣ ਦੀ ਅਪੀਲ ਕੀਤੀ। ਅਦਾਲਤ ਨੇ ਅੱਜ ਉਸ ਦੀ ਸਜ਼ਾ ਦੀ ਮਿਆਦ ਅੰਸ਼ਿਕ ਰੂਪ ’ਚ ਘਟਾਉਂਦਿਆਂ ਢਾਈ ਸਾਲ ਦੀ ਕੈਦ ਦੀ ਸਜ਼ਾ ’ਚ ਬਦਲ ਦਿੱਤਾ ਹੈ। ਇਸ ਹੁਕਮ ਅਨੁਸਾਰ ਸਾਲ 2015 ਦੀ ਸ਼ੁਰੂਆਤ ’ਚ ਨਵਾਲਨੀ ਦੀ ਡੇਢ ਮਹੀਨੇ ਦੀ ਨਜ਼ਰਬੰਦ ਰਹਿਣ ਦੇ ਮਿਆਦ ਨੂੰ ਕੈਦ ਦੀ ਸਜ਼ਾ ਦੇ ਕੁੱਲ ਸਮੇਂ ’ਚੋਂ ਘਟਾਇਆ ਗਿਆ ਹੈ। ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਛੇੜਨ ਵਾਲੇ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕੱਟੜ ਵਿਰੋਧੀ ਨਵਾਲਨੀ ਨੂੰ ਹੇਠਲੀ ਅਦਾਲਤ ਵੱਲੋਂ 2 ਸਾਲ 8 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਅਪੀਲ ’ਚ ਰਿਹਾਈ ਦੀ ਮੰਗ ਕੀਤੀ ਸੀ। -ਏਜੰਸੀ