ਵਿਲਮਿੰਗਟਨ (ਅਮਰੀਕਾ), 3 ਜਨਵਰੀ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਦੀ ਰੂਸ ਨਾਲ ਲੱਗਦੀ ਹੱਦ ’ਤੇ ਰੂਸੀ ਫੌਜਾਂ ਦੀ ਮੌਜੂਦਗੀ ’ਚ ਵਾਧੇ ਸਬੰਧੀ ਯੂਕਰੇਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਦਿਆਂ ਵਾਅਦਾ ਕੀਤਾ ਕਿ ਜੇਕਰ ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਤਾਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਫ਼ੈਸਲਾਕੁਨ ਕਾਰਵਾਈ ਕਰਨਗੇ। ਬਾਇਡਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਅਜਿਹੇ ਸਮੇਂ ਫੋਨ ’ਤੇ ਗੱਲਬਾਤ ਕੀਤੀ, ਜਦੋਂ ਅਮਰੀਕਾ ਅਤੇ ਉਸ ਦੇ ਪੱਛਮੀ ਸਹਿਯੋਗੀ ਸੰਕਟ ਘਟਾਉਣ ਕਈ ਰਾਜਨੀਤਕ ਬੈਠਕਾਂ ਦੀ ਤਿਆਰੀ ਕਰ ਰਹੇ ਹਨ। ਦੂਜੇ ਪਾਸੇ, ਰੂਸ ਨੇ ਕਿਹਾ ਹੈ ਕਿ ਇਹ ਸੰਕਟ ਅਮਰੀਕਾ ਨਾਲ ਉਸ ਦੇ ਸਬੰਧਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਬਾਇਡਨ ਅਤੇ ਜ਼ੈਲੈਂਸਕੀ ਵਿਚਾਲੇ ਗੱਲਬਾਤ ਮਗਰੋਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ, ‘‘ਰਾਸ਼ਟਰਪਤੀ ਬਾਇਡਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਜੇਕਰ ਰੂਸ ਵੱਲੋਂ ਯੂਕਰੇਨ ’ਤੇ ਹਮਲਾ ਕੀਤਾ ਜਾਂਦਾ ਹੈ ਤਾਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਅਤੇ ਭਾਈਵਾਲ ਫ਼ੈਸਲਾਕੁੰਨ ਕਾਰਵਾਈ ਕਰਨਗੇ।’’ ਸਾਕੀ ਮੁਤਾਬਕ ਬਾਇਡਨ ਨੇ ਆਪਣੇ ਇਸ ਸਿਧਾਂਤ ਨੂੰ ਉਭਾਰਿਆ ਕਿ ‘ਤੁਹਾਡੇ ਬਿਨਾਂ ਤੁਹਾਡੇ ਲਈ ਕੋਈ ਕਦਮ ਨਹੀਂ’ ਚੁੱਕਿਆ ਜਾਵੇਗਾ, ਭਾਵ ਕਿ ਉਹ ਯੂਰੋਪ ਨੂੰ ਅਸਰਅੰਦਾਜ਼ ਕਰਨ ਵਾਲੀ ਕਿਸੇ ਵੀ ਨੀਤੀ ’ਤੇ ਉਸ ਦੇ ਸਹਿਯੋਗੀਆਂ ਦੀ ਸਲਾਹ ਤੋਂ ਬਿਨਾਂ ਚਰਚਾ ਨਹੀਂ ਕਰੇਗਾ। -ਏਪੀ