ਨਿਊਯਾਰਕ (ਅਮਰੀਕਾ), 20 ਜੂਨ
ਰੂਸ ਦੇ ਪੱਤਰਕਾਰ ਦਮਿਤਰੀ ਮੁਰਾਤੋਵ ਨੇ ਸ਼ਾਂਤੀ ਲਈ ਮਿਲਿਆ ਆਪਣਾ ਨੋਬੇਲ ਪੁਰਸਕਾਰ ਸੋਮਵਾਰ ਰਾਤ ਨੂੰ ਨਿਲਾਮ ਕਰ ਦਿੱਤਾ। ਨਿਲਾਮੀ ਦੀਰਾਸ਼ੀ ਯੂਕਰੇਨ ਵਿੱਚ ਜੰਗ ਕਾਰਨ ਬੇਘਰ ਹੋਏ ਬੱਚਿਆਂ ਦੀ ਮਦਦ ਲਈ ਯੂਨੀਸੈੱਫ ਨੂੰ ਦਿਤੀ ਜਾਵੇਗੀ। ਅਕਤੂਬਰ 2021 ਵਿੱਚ ਸੋਨ ਤਗ਼ਮੇ ਨਾਲ ਸਨਮਾਨਿਤ ਮੁਰਾਤੋਵ ਨੇ ਆਜ਼ਾਦ ਰੂਸੀ ਅਖ਼ਬਾਰ ‘ਨੋਵਾਇਆ ਗਜ਼ਟ’ ਦੀ ਸਥਾਪਨਾ ਕੀਤੀ ਅਤੇ ਉਹ ਮਾਰਚ ਵਿੱਚ ਅਖ਼ਬਾਰ ਬੰਦ ਹੋਣ ਵੇਲੇ ਇਸ ਦਾ ਮੁੱਖ ਸੰਪਾਦਕ ਸੀ। ਯੂਕਰੇਨ ’ਤੇ ਰੂਸ ਦੇ ਹਮਲੇ ਦੇ ਮੱਦੇਨਜ਼ਰ ਜਨਤਕ ਅਸਹਿਮਤੀ ਨੂੰ ਦੱਬਣ ਅਤੇ ਪੱਤਰਕਾਰਾਂ ’ਤੇ ਰੂਸੀ ਕਾਰਵਾਈ ਦੇ ਮੱਦੇਨਜ਼ਰ ਇਹ ਅਖ਼ਬਾਰ ਬੰਦ ਕਰ ਦਿੱਤਾ ਗਿਆ ਸੀ।
ਮੁਰਾਤੋਵ ਨੇ ਪੁਰਸਕਾਰ ਦੀ ਨਿਲਾਮੀ ਤੋਂ ਮਿਲੀ 5,00,000 ਡਾਲਰ ਦੀ ਰਾਸ਼ੀ ਚੈਰਿਟੀ ਲਈ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾਨ ਦਾ ਉਦੇਸ਼ ‘‘ਸ਼ਰਨਾਰਥੀ ਬੱਚਿਆਂ ਨੂੰ ਭਵਿੱਖ ਲਈ ਇਕ ਮੌਕਾ ਦੇਣਾ ਹੈ।’’ ਮੁਰਾਤੋਵ ਨੇ ਇਕ ਇੰਟਰਵਿਊ ਵਿੱਚ ਕਿਹਾ ਕਿ ਉਹ ਖ਼ਾਸ ਤੌਰ ’ਤੇ ਉਨ੍ਹਾਂ ਬੱਚਿਆਂ ਲਈ ਚਿੰਤਤ ਹੈ ਜੋ ਯੂਕਰੇਨ ਵਿੱਚ ਜੰਗ ਕਰ ਕੇ ਅਨਾਥ ਹੋ ਗਏ। ਉਨ੍ਹਾਂ ਇਹ ਵੀ ਕਿਹਾ ਕਿ ਰੂਸ ਖ਼ਿਲਾਫ਼ ਲਗਾਈਆਂ ਕੌਮਾਂਤਰੀ ਪਾਬੰਦੀਆਂ ਤਹਿਤ ਮਨੁੱਖੀ ਮਦਦ ਨਹੀਂ ਰੋਕੀ ਜਾਣੀ ਚਾਹੀਦੀ ਹੈ ਜਿਵੇਂ ਕਿ ਗੰਭੀਰ ਬਿਮਾਰੀਆਂ ਅਤੇ ਬੋਨ ਮੈਰੋ ਟਰਾਂਸਪਲਾਂਟ ਲਈ ਦਵਾਈਆਂ। ਇਹ ਮਦਦ ਲੋੜਵੰਦਾਂ ਤੱਕ ਪਹੁੰਚਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਦਾ ਭਵਿੱਖ ਮੋੜਨਾ ਚਾਹੁੰਦੇ ਹਾਂ।’’
ਮੁਰਾਤੋਵ ਨੇ ਹੈਰੀਟੇਜ ਆਕਸ਼ਨਜ਼ ਵੱਲੋਂ ਜਾਰੀ ਵੀਡੀਓ ਵਿੱਚ ਕਿਹਾ ਕਿ ਇਸ ਕਦਮ ਨੂੰ ਇਕ ਸ਼ੁਰੂਆਤ ਬਣਨ ਦਿਓ ਤਾਂ ਜੋ ਲੋਕ ਇਸ ਨੂੰ ਉਦਹਾਰਨ ਵਜੋਂ ਲੈਂਦੇ ਹੋਏ ਯੂਕਰੇਨੀਆਂ ਦੀ ਮਦਦ ਲਈ ਆਪਣੀਆਂ ਕੀਮਤਾਂ ਵਸਤਾਂ ਵੇਚਣ ਲਈ ਅੱਗੇ ਆਉਣ। ਹੈਰੀਟੇਜ ਆਕਸ਼ਨਜ਼ ਨਿਲਾਮੀ ਪ੍ਰਕਿਰਿਆ ਦਾ ਸੰਚਾਲਨ ਕਰ ਰਹੀ ਹੈ ਪਰ ਇਸ ਤੋਂ ਮਿਲਣ ਵਾਲੀ ਰਾਸ਼ੀ ਵਿੱਚੋਂ ਕੋਈ ਹਿੱਸਾ ਨਹੀਂ ਲੈ ਰਹੀ ਹੈ। ਮੁਰਾਤੋਵ ਨੂੰ ਪਿਛਲੇ ਸਾਲ ਫਿਲਪੀਨਜ਼ ਦੀ ਪੱਤਰਕਾਰ ਮਾਰੀਆ ਰੇਸਾ ਦੇ ਨਾਲ ਸਾਂਝੇ ਤੌਰ ’ਤੇ ਸ਼ਾਂਤੀ ਦੇ ਨੋਬੇਲ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। ਉਨ੍ਹਾਂ ਨੂੰ ਆਪੋ-ਆਪਣੇ ਦੇਸ਼ਾਂ ਵਿੱਚ ਵਿਚਾਰਾਂ ਦੀ ਆਜ਼ਾਦੀ ਕਾਇਮ ਰੱਖਣ ਲਈ ਕੀਤੇ ਗਏ ਸੰਘਰਸ਼ ਵਾਸਤੇ ਸਨਮਾਨਿਤ ਕੀਤਾ ਗਿਆ ਸੀ। -ਏਪੀ