ਮਾਸਕੋ, 12 ਅਕਤੂਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਅੱਜ ਦੁਰਲੱਭ ਵਿਦੇਸ਼ ਯਾਤਰਾ ਤਹਿਤ ਕਿਰਗਿਸਤਾਨ ਪਹੁੰਚੇ। ਪੂਤਨਿ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਯੂਕਰੇਨ ਵਿੱਚ ਯੁੱਧ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਪੂਤਨਿ ਨੇ ਕਿਰਗਿਸਤਾਨ ਦੇ ਰਾਸ਼ਟਰਪਤੀ ਸਾਦਿਰ ਜ਼ਾਪਾਰੋਵ ਨਾਲ ਮੁਲਾਕਾਤ ਕਰਨੀ ਹੈ। ਇਸ ਤੋਂ ਇਲਾਵਾ ਉਹ ਕਾਮਨਵੈਲਥ ਆਫ ਇੰਡੀਪੈਂਡੈਂਟ ਸਟੇਟਸ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿਸ ਦੀ ਮੇਜ਼ਬਾਨੀ ਕਿਰਗਿਸਤਾਨ ਕਰ ਰਿਹਾ ਹੈ। ਅਜ਼ਰਬਾਈਜਾਨ, ਬੇਲਾਰੂਸ, ਕਜ਼ਾਕਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਨੇਤਾ ਵੀ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ। ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਸ਼ਨਿਯਾਨ ਇਸ ’ਚ ਸ਼ਿਰਕਤ ਨਹੀਂ ਕਰ ਰਹੇ। ਇਸ ਸਾਲ ਇਹ ਪਹਿਲੀ ਵਾਰ ਹੈ, ਜਦੋਂ ਪੂਤਨਿ ਨੇ ਰੂਸ ਅਤੇ ਯੂਕਰੇਨ ਦੇ ਰੂਸ ਦੇ ਕਬਜ਼ੇ ਵਾਲੇ ਖੇਤਰਾਂ ਤੋਂ ਬਾਹਰ ਦੀ ਯਾਤਰਾ ਕੀਤੀ ਹੈ।