ਮਾਸਕੋ, 27 ਫਰਵਰੀ
ਰੂਸ ਦੇ 4 ਹਜ਼ਾਰ ਵਿਗਿਆਨੀਆਂ ਤੇ ਪੱਤਰਕਾਰਾਂ ਨੇ ਐਤਵਾਰ ਨੂੰ ਇਕ ਪੱਤਰ ਉੱਤੇ ਸਾਂਝੇ ਤੌਰ ’ਤੇ ਹਸਤਾਖਰ ਕਰ ਕੇ ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਕੀਤੀ ਜਾ ਰਹੀ ਫੌਜੀ ਕਾਰਵਾਈ ਦੀ ਨਿੰਦਾ ਕੀਤੀ ਹੈ। ਇਹ ਪੱਤਰ ਇਕ ਵੈਬਸਾਈਟ ’ਤੇ ਨਸ਼ਰ ਕੀਤਾ ਗਿਆ ਹੈ ਜਿਸ ਵਿੱਚ ਰੂਸ ਦੀ ਯੂਕਰੇਨ ਖ਼ਿਲਾਫ਼ ਕਾਰਵਾਈ ਨੂੰ ‘ਨਾਸਮਝੀ’ ਦਾ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਵਿਗਿਆਨੀਆਂ ਤੇ ਪੱਤਰਕਾਰਾਂ ਨੇ ਕਿਹਾ ਕਿ ਰੂਸ ਦੀ ਇਸ ਕਾਰਵਾਈ ਕਾਰਨ ਵੱਡੀ ਗਿਣਤੀ ਲੋਕਾਂ ਦੀ ਮੌਤ ਹੋਈ ਹੈ ਤੇ ਯੋਰਪ ਵਿੱਚ ਛਿੜੀ ਇਸ ਨਵੀਂ ਜੰਗ ਲਈ ਰੂਸ ਜ਼ਿੰਮੇਵਾਰ ਹੈ। ਇਸੇ ਦੌਰਾਨ ਜੰਗ ਵਿਰੁੱਧ ਰੂਸ ਦੇ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ 900 ਲੋਕਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। -ਆਈਏਐੱਨਐੱਸ