ਮਾਸਕੋ, 27 ਦਸੰਬਰ
ਰੂਸ ਨੇ ਅੱਜ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਪੱਕੀ ਮੈਂਬਰੀ ਲਈ ਭਾਰਤ ਦੀਆਂ ਉਮੀਦਾਂ ਦੀ ਹਮਾਇਤ ਕਰਦਾ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਭਾਰਤ ਦੀ ‘ਮੇਕ ਇਨ ਇੰਡੀਆ’ ਪਹਿਲ ਤਹਿਤ ਮਾਸਕੋ ਆਧੁਨਿਕ ਹਥਿਆਰਾਂ ਦਾ ਉਤਪਾਦਨ ਸ਼ੁਰੂ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਰੂਸ ਅਤੇ ਭਾਰਤ ਦਰਮਿਆਨ ਆਧੁਨਿਕ ਹਥਿਆਰਾਂ ਦੇ ਸਾਂਝੇ ਉਤਪਾਦਨ ਸਮੇਤ ਫੌਜੀ-ਤਕਨੀਕ ਸਹਿਯੋਗ ਮੁੱਦੇ ਬਾਰੇ ਵੀ ਚਰਚਾ ਹੋਈ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੀਟਿੰਗ ਮਗਰੋਂ ਲਾਵਰੋਵ ਨੇ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲਾਂ ਆਖੀਆਂ। ਜੈਸ਼ੰਕਰ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਆਉਣ ਦਾ ਸੱਦਾ ਦਿੱਤਾ ਹੈ। ਦੋਵੇਂ ਆਗੂਆਂ ਵਿਚਕਾਰ ਆਲਮੀ ਮੁੱਦਿਆਂ ’ਤੇ ਵੀ ਗੱਲਬਾਤ ਹੋਈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਭਾਰਤ ਅਤੇ ਰੂਸ ਵਿਚਕਾਰ ਸਬੰਧ ‘ਬਹੁਤ ਹੀ ਮਜ਼ਬੂਤ ਅਤੇ ਸਥਿਰ’ ਹਨ। ਜੈਸ਼ੰਕਰ ਨੇ ਲਾਵਰੋਵ ਨਾਲ ਮੀਟਿੰਗ ਦੌਰਾਨ ਹਿੰਦ-ਪ੍ਰਸ਼ਾਂਤ ਖ਼ਿੱਤੇ, ਯੂਕਰੇਨ ਤੇ ਗਾਜ਼ਾ ਜੰਗ, ਬ੍ਰਿਕਸ, ਸ਼ੰਘਾਈ ਸਹਿਯੋਗ ਸੰਗਠਨ, ਜੀ-20 ਅਤੇ ਸੰਯੁਕਤ ਰਾਸ਼ਟਰ ਵਿਸ਼ਿਆਂ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ, ‘‘ਰੂਸ ਦੇ ਵਿਦੇਸ਼ ਮੰਤਰੀ ਨਾਲ ਵਿਆਪਕ ਤੇ ਉਪਯੋਗੀ ਗੱਲਬਾਤ ਹੋਈ ਹੈ। ਅਸੀਂ ਦੁਵੱਲੇ ਆਰਥਿਕ ਸਹਿਯੋਗ, ਊਰਜਾ ਵਪਾਰ, ਸੈਨਿਕ ਤਕਨੀਕੀ ਸਹਿਯੋਗ ਅਤੇ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ’ਚ ਹੋਈ ਤਰੱਕੀ ਦਾ ਜ਼ਿਕਰ ਕੀਤਾ।’’ ਉਨ੍ਹਾਂ ਕਿਹਾ ਕਿ 2024-28 ਦੇ ਸਮੇਂ ਲਈ ਸਲਾਹ-ਮਸ਼ਵਰੇ ਬਾਰੇ ਪ੍ਰੋਟੋਕੋਲ ’ਤੇ ਦਸਤਖ਼ਤ ਹੋਏ ਹਨ। ਲਾਵਰੋਵ ਨਾਲ ਮੀਟਿੰਗ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਸਾਡੇ ਲਈ ਰੂਸ ਸਮੇਂ ਦੀ ਕਸੌਟੀ ’ਤੇ ਪਰਖਿਆ ਹੋਇਆ ਇਕ ਅਹਿਮ ਭਾਈਵਾਲ ਮੁਲਕ ਹੈ। ਇਹ ਇਕ ਅਜਿਹਾ ਰਿਸ਼ਤਾ ਹੈ ਜਿਸ ਨਾਲ ਭਾਰਤ ਤੇ ਰੂਸ ਦੋਹਾਂ ਨੂੰ ਕਾਫੀ ਲਾਭ ਹੋਇਆ ਹੈ।’’ ਰੂਸ ਦੇ ਪੰਜ ਦਿਨਾਂ ਦੌਰੇ ’ਤੇ ਆਏ ਜੈਸ਼ੰਕਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਲਗਾਤਾਰ ਇਕ-ਦੂਜੇ ਦੇ ਸੰਪਰਕ ’ਚ ਹਨ। ਜੀ-20, ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ, ਆਸੀਆਨ ਅਤੇ ਬ੍ਰਿਕਸ ਵਰਗੇ ਮੰਚਾਂ ਰਾਹੀਂ ਲਗਾਤਾਰ ਸੰਪਰਕ ਬਣੇ ਰਹਿਣ ਦਾ ਦਾਅਵਾ ਕਰਦਿਆਂ ਜੈਸ਼ੰਕਰ ਨੇ ਕਿਹਾ,‘‘ਸਾਡੇ ਸਬੰਧ ਬਹੁਤ ਹੀ ਮਜ਼ਬੂਤ ਅਤੇ ਬਹੁਤ ਹੀ ਸਥਿਰ ਹਨ। ਮੈਂ ਸਮਝਦਾ ਹਾਂ ਕਿ ਦੋਵੇਂ ਮੁਲਕ ਖਾਸ ਰਣਨੀਤਕ ਭਾਈਵਾਲੀ ਦੇ ਮੁੱਦੇ ’ਤੇ ਖ਼ਰੇ ਉਤਰੇ ਹਨ। ਮੌਜੂਦਾ ਵਰ੍ਹੇ ਅਸੀਂ ਛੇ ਵਾਰ ਮਿਲ ਚੁੱਕੇ ਹਾਂ ਅਤੇ ਇਹ ਸਾਡੀ 7ਵੀਂ ਮੀਟਿੰਗ ਹੈ।’’ ਉਨ੍ਹਾਂ ਆਸ ਜਤਾਈ ਕਿ ਜਨਵਰੀ ’ਚ ਵਾਇਬ੍ਰੈਂਟ ਗੁਜਰਾਤ ’ਚ ਰੂਸ ਮਜ਼ਬੂਤੀ ਨਾਲ ਸ਼ਮੂਲੀਅਤ ਕਰੇਗਾ। ਲਾਵਰੋਵ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਕਾਰ ਸਬੰਧ ਬਹੁਤ ਪੁਰਾਣੇ ਤੇ ਵਧੀਆ ਹਨ ਅਤੇ ਮੌਜੂਦਾ ਹਾਲਾਤ ’ਚ ਵੀ ਲਗਾਤਾਰ ਕਾਇਮ ਹਨ। ਜ਼ਿਕਰਯੋਗ ਹੈ ਕਿ ਰੂਸ ਨੇ ਜੀ-20 ਸਿਖਰ ਸੰਮੇਲਨ ਵਿੱਚ ਵਿਵਾਦਗ੍ਰਸਤ ਮੁੱਦਿਆਂ ਦੇ ਨਿਪਟਾਰੇ ਲਈ ਭਾਰਤ ਦੀ ਸਫਲਤਾ ਨੂੰ ਸਰਾਹਿਆ ਸੀ ਤੇ ਉਸ ਦੀ ਵਿਦੇਸ਼ ਨੀਤੀ ਨੂੰ ‘ਸੱਚੀ ਜਿੱਤ’ ਕਰਾਰ ਦਿੱਤਾ ਸੀ। ਭਾਰਤ ਲੰਬੇ ਸਮੇਂ ਤੋਂ ਯੂਐੱਨਐੱਸਸੀ ਵਿੱਚ ਸਥਾਈ ਮੈਂਬਰਸ਼ਿਪ ਦੀ ਮੰਗ ਕਰ ਰਿਹਾ ਹੈ। ਸੁਰੱਖਿਆ ਪਰਿਸ਼ਦ ਵਿੱਚ ਪੰਜ ਸਥਾਈ ਅਤੇ 10 ਅਸਥਾਈ ਮੈਂਬਰ ਹੁੰਦੇ ਹਨ। -ਪੀਟੀਆਈ