ਵਿੱਕੀ ਬਟਾਲਾ
ਇਟਲੀ, 8 ਸਤੰਬਰ
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਵਰਚੁਅਲੀ ਸਾਹਿਤਕ ਸਮਾਗਮ ਕਰਵਾਇਆ ਗਿਆ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਦੀ ਕਾਵਿ ਪੁਸਤਕ ‘ਸੁਰਤਾਲ’ ਬਾਰੇ ਵਿਚਾਰ-ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸਪੀ ਸਿੰਘ ਨੇ ਕੀਤੀ ਅਤੇ ਮੁੱਖ ਬੁਲਾਰੇ ਵਜੋਂ ਪ੍ਰਿੰਸੀਪਲ ਗੁਰਇਕਬਾਲ ਸਿੰਘ ਸ਼ਾਮਲ ਹੋਏ।
ਵਿਸ਼ੇਸ਼ ਮਹਿਮਾਨ ਵਜੋਂ ਕੈਨੇਡਾ ਤੋਂ ਮੋਹਨ ਗਿੱਲ ਅਤੇ ਪੰਚਨਾਦ ਜਰਮਨੀ ਦੇ ਪ੍ਰਧਾਨ ਅਮਜ਼ਦ ਆਰਫੀ ਨੇ ਸ਼ਿਰਕਤ ਕੀਤੀ। ਸਾਹਿਤ ਸੁਰ ਸੰਗਮ ਸਭਾ (ਇਟਲੀ) ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਾਰਿਆਂ ਨੂੰ ‘ਜੀ ਆਇਆਂ’ ਕਿਹਾ। ਪ੍ਰਿੰ. ਗੁਰਇਕਬਾਲ ਸਿੰਘ ਨੇ ਕਾਵਿ ਪੁਸਤਕ ‘ਸੁਰਤਾਲ’ ਉੱਤੇ ਚਰਚਾ ਦੇ ਨਾਲ ਪ੍ਰੋ. ਗੁਰਭਜਨ ਗਿੱਲ ਦੀ ਸ਼ਖ਼ਸੀਅਤ ਬਾਰੇ ਵੀ ਚਾਨਣਾ ਪਾਇਆ। ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ ਨੇ ਵੀ ਗਿੱਲ ਬਾਰੇ ਖ਼ੂਬਸੂਰਤ ਕਾਵਿ ਚਿਤਰਨ ਪੇਸ਼ ਕੀਤਾ। ਪ੍ਰਸਿੱਧ ਸ਼ਾਇਰ ਤਿਰਲੋਚਨ ਲੋਚੀ, ਜਸਵੀਰ ਸਿੰਘ ਕੂਨਰ ਡਰਬੀ ਅਤੇ ਗੁਰਸ਼ਰਨ ਸਿੰਘ ਬਰਮਿੰਘਮ ਨੇ ਪ੍ਰੋ. ਗੁਰਭਜਨ ਗਿੱਲ ਦੀਆਂ ਗਜ਼ਲਾਂ ਸੁਣਾਈਆਂ। ਦਲਜਿੰਦਰ ਰਹਿਲ ਨੇ ਆਪਣੇ ਨਿਵੇਕਲੇ ਅਤੇ ਕਾਵਿਕ ਅੰਦਾਜ਼ ਵਿੱਚ ਸਮੁੱਚੇ ਸਮਾਗਮ ਦਾ ਸੰਚਾਲਨ ਕੀਤਾ। ਸਭਾ ਦੇ ਮੰਚ ਵੱਲੋਂ ਪੰਜਾਬੀ ਸ਼ਾਇਰੀ ਦੇ ਨਾਮਵਰ ਹਸਤਾਖ਼ਰ ਬਾਬਾ ਨਜ਼ਮੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਵਧਾਈ ਦਿੱਤੀ ਗਈ। ਆਨਲਾਈਨ ਸਮਾਗਮ ਵਿੱਚ ਬਿੰਦਰ ਕੋਲੀਆਂਵਾਲ, ਮੇਜਰ ਸਿੰਘ ਖੱਖ, ਸਿੱਕੀ ਝੱਜੀ ਪਿੰਡ ਵਾਲਾ, ਸਤਵੀਰ ਸਾਂਝ, ਪ੍ਰੋ. ਜਸਪਾਲ ਸਿੰਘ ਆਦਿ ਨੇ ਹਾਜ਼ਰੀ ਲਵਾਈ।