ਦਾਰ-ਏਸ-ਸਲਾਮ, 19 ਮਾਰਚ
ਸਾਮੀਆ ਸੁਲੁਹੂ ਹਸਨ (61) ਨੇ ਤਨਜ਼ਾਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਦਿਆਂ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪੂਰਬੀ ਅਫ਼ਰੀਕੀ ਦੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦਾਰ-ਏਸ-ਸਲਾਮ ’ਚ ਰਾਸ਼ਟਰਪਤੀ ਵਜੋਂ ਹਲਫ਼ ਲਿਆ। ਸਾਮੀਆ ਸੁਲੁਹੂ ਹਸਨ ਨੂੰ ਦਫ਼ਤਰ ’ਚ ਰਾਸ਼ਟਰਪਤੀ ਅਹੁਦੇ ਦਾ ਹਲਫ਼ ਚੀਫ਼ ਜਸਟਿਸ ਇਬਰਾਹਿਮ ਜੁਮਾਵੋਵਿੰਗ ਨੇ ਦਿਵਾਇਆ। ਹਲਫ਼ ਲੈਣ ਮੌਗੇ ਸਾਮੀਆ ਨੇ ਹਿਜ਼ਾਬ ਪਹਿਨਿਆ ਅਤੇ ਹੱਥ ਵਿੱਚ ਕੁਰਾਨ ਫੜੀ ਹੋਈ ਸੀ। ਹਲਫ਼ਦਾਰੀ ਸਮਾਗਮ ਮੌਕੇ ਕੈਬਨਿਟ ਮੈਂਬਰਾਂ ਤੋਂ ਇਲਾਵਾ ਅਲੀ ਹਸਨ ਮਵਿਨਈ, ਜਕਾਇਆ ਕਿਕਵੇਤੇ ਅਤੇ ਅਬੇਦ ਕਾਰੁਮੇ (ਤਿੰਨੋ ਸਾਬਕਾ ਰਾਸ਼ਟਰਪਤੀ) ਮੌਜੂਦ ਸਨ। ਸਾਮੀਆ 2015 ’ਚ ਤਨਜ਼ਾਨੀਆ ਦੀ ਪਹਿਲੀ ਮਹਿਲਾ ਉਪ-ਰਾਸ਼ਟਰਪਤੀ ਵੀ ਬਣੀ ਸੀ। ਉਹ ਯੂਗਾਂਡਾ ਦੀ ਨਾਇਗਾਗਾ ਵਾਂਡਰੀਆ (1994-2003) ਤੋਂ ਬਾਅਦ ਇਸ ਖਿੱਤੇ ’ਚ ਦੂਜੀ ਮਹਿਲਾ ਉਪ-ਰਾਸ਼ਟਰਪਤੀ ਸੀ। ਸਾਮੀਆ ਸੁਲੁਹੂ ਹਸਨ ਦਾ ਜਨਮ 1960 ’ਚ ਜ਼ਾਂਜ਼ੀਬਾਰ ’ਚ ਹੋਇਆ ਸੀ। -ਏਪੀ