ਦੁਬਈ, 19 ਅਕਤੂਬਰ
ਅਮਰੀਕਾ ਦੇ ਇੱਕ ਨਾਗਰਿਕ ਨੂੰ ਕੁਝ ਵਿਵਾਦਿਤ ਟਵੀਟ ਕਰਨ ਦੇ ਮਾਮਲੇ ’ਚ ਸਾਊਦੀ ਅਰਬ ਵਿੱਚ ਗ੍ਰਿਫ਼ਤਾਰ ਅਤੇ ਤਸ਼ੱਦਦ ਕਰਨ ਮਗਰੋਂ 16 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਅਮਰੀਕੀ ਨਾਗਰਿਕ ਦੇ ਬੇਟੇ ਇਬਰਾਹਿਮ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ। ਇਬਰਾਹਿਮ ਮੁਤਾਬਕ ਉਸ ਦੇ ਪਿਤਾ ’ਤੇ 16 ਸਾਲ ਯਾਤਰਾ ਨਾ ਕਰਨ ਦੀ ਪਾਬੰਦੀ ਵੀ ਲਾਈ ਗਈ ਹੈ। ਅਲਮਾਦੀ ਨੇ ਵਿਵਾਦਿਤ ਟਵੀਟ ਅਮਰੀਕਾ ਵਿੱਚ ਰਹਿੰਦੇ ਸਮੇਂ ਕੀਤੇ ਸਨ।
‘ਵਾਸ਼ਿੰਗਟਨ ਪੋਸਟ’ ਵਿੱਚ ਛਪੀ ਖ਼ਬਰ ਦੀ ਪੁਸ਼ਟੀ ਕਰਦਿਆਂ ਇਬਰਾਹਿਮ ਨੇ ‘ਐਸੋਸੀਏਟਿਡ ਪ੍ਰੈੱਸ’ ਨੂੰ ਦੱਸਿਆ ਕਿ ਫਲੋਰੀਡਾ ਵਿੱਚ ਰਹਿੰਦੇ ਉਸ ਦੇ ਪਿਤਾ ਸਾਬਕਾ ਪ੍ਰਾਜੈਕਟ ਮੈਨੇਜਰ ਸਾਦ ਇਬਰਾਹਿਮ ਅਲਮਾਦੀ (72) ਨੂੰ ਪਿਛਲੇ ਸਾਲ ਨਵੰਬਰ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਆਪਣੇ ਪਰਿਵਾਰ ਸਣੇ ਸਾਊਦੀ ਅਰਬ ਆਏ ਸਨ ਅਤੇ ਉਨ੍ਹਾਂ ਨੂੰ ਸਜ਼ਾ ਇਸੇ ਮਹੀਨੇ ਸੁਣਾਈ ਗਈ ਹੈ। ਅਲਮਾਦੀ ਕੋਲ ਅਮਰੀਕਾ ਤੇ ਸਾਊਦੀ ਅਰਬ ਦੋਵਾਂ ਦੀ ਨਾਗਰਿਕਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲਮਾਦੀ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਪਟੇਲ ਨੇ ਕਿਹਾ, ‘‘ਅਸੀਂ ਸਾਊਦੀ ਸਰਕਾਰ ਦੇ ਆਲ੍ਹਾ ਅਧਿਕਾਰੀਆਂ ਕੋਲ ਲਗਾਤਾਰ ਆਪਣੀਆਂ ਚਿੰਤਾਵਾਂ ਪ੍ਰਗਟਾਈਆਂ ਹਨ ਅਤੇ ਅੱਗੇ ਵੀ ਅਜਿਹਾ ਕਰਨਾ ਜਾਰੀ ਰੱਖਾਂਗੇ।’’ ਇਬਰਾਹਿਮ ਦੇ ਪੁੱਤਰ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਸੱਤ ਵਰ੍ਹੇ ਪਹਿਲੇ ਕੀਤੇ ਗਏ ਮਾਮੂਲੀ ਜਿਹੇ 14 ਟਵੀਟਾਂ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਉਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ ਅਤੇ ਭ੍ਰਿਸ਼ਟਾਚਾਰ ਦੀ ਆਲੋਚਨਾ ਕੀਤੀ ਸੀ। -ਏਪੀ