ਪੈਰਿਸ, 24 ਅਪਰੈਲ
ਫਰਾਂਸ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਅੱਜ ਮੌਜੂਦਾ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅਤੇ ਵਿਰੋਧੀ ਆਗੂ ਮਰੀਨ ਲੇ ਪੈਨ ਵਿੱਚੋਂ ਇਕ ਨੂੰ ਚੁਣਨ ਵਾਸਤੇ ਅੱਜ ਵੋਟਿੰਗ ਹੋਈ। ਮੈਕਰੌਂ ਦੇ ਲਗਾਤਾਰ ਦੂਜੀ ਵਾਰ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ। ਹਾਲਾਂਕਿ, ਉਨ੍ਹਾਂ ਨੂੰ ਪੈਨ ਵੱਲੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਮਾਰੀ ਅਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਵਿਚਾਲੇ ਜਾਰੀ ਰਾਸ਼ਟਰਪਤੀ ਚੋਣਾਂ ਵਿੱਚ ਮੈਕਰੌਂ ਨੇ ਵੋਟਰਾਂ ਨੂੰ ਉਨ੍ਹਾਂ ਨੂੰ ਇਕ ਹੋਰ ਮੌਕਾ ਦੇਣ ਦੀ ਅਪੀਲ ਕੀਤੀ ਹੈ। ਜੇਕਰ ਇਨ੍ਹਾਂ ਚੋਣਾਂ ਵਿੱਚ ਮੈਕਰੌਂ ਦੀ ਜਿੱਤ ਹੁੰਦੀ ਹੈ ਤਾਂ ਉਹ ਪਿਛਲੇ 20 ਸਾਲਾਂ ਵਿੱਚ ਲਗਾਤਾਰ ਦੂਜਾ ਕਾਰਜਕਾਲ ਹਾਸਲ ਕਰਨ ਵਾਲੇ ਪਹਿਲੇ ਫਰਾਂਸੀਸੀ ਰਾਸ਼ਟਰਪਤੀ ਬਣ ਜਾਣਗੇ। ਨਾਲ ਹੀ, ਯੂਰੋਪ ਦੀ ਭਵਿੱਖ ਦੀ ਦਿਸ਼ਾ ਤੈਅ ਕਰਨ ’ਚ ਅਤੇ ਯੂਕਰੇਨ ’ਚ ਜੰਗ ਰੋਕਣ ਸਬੰਧੀ ਪੱਛਮੀ ਦੇਸ਼ਾਂ ਦੀਆਂ ਕੋਸ਼ਿਸ਼ਾਂ ਸਬੰਧੀ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਅੱਜ ਅੱਧੇ ਦਿਨ ਤੱਕ 26.1 ਫ਼ੀਸਦ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜੋ ਕਿ ਰਾਸ਼ਟਰਪਤੀ ਚੋਣਾਂ ਲਈ 10 ਅਪਰੈਲ ਨੂੰ ਪਹਿਲੇ ਗੇੜ ਦੀ ਵੋਟਿੰਗ ਦੌਰਾਨ ਇਸ ਸਮੇਂ ਤੱਕ ਹੋਈ ਵੋਟਿੰਗ ਨਾਲੋਂ ਥੋੜੀ ਜ਼ਿਆਦਾ ਰਹੀ ਹੈ। ਹਾਲ ਦੇ ਦਿਨਾਂ ਵਿੱਚ ਸਾਰੇ ‘ਓਪੀਨੀਅਨ ਪੋਲਜ਼’ ਨੇ ਯੂਰੋਪ ਸਮਰਥਕ ਮੱਧਵਰਗੀ ਆਗੂ ਮੈਕਰੌਂ (44) ਦੇ ਜਿੱਤਣ ਦਾ ਅਨੁਮਾਨ ਲਗਾਇਆ ਹੈ। ਹਾਲਾਂਕਿ, ਉਨ੍ਹਾਂ ਦੀ ਵਿਰੋਧੀ ਪੈਨ (53) ’ਤੇ ਜਿੱਤ ਦਾ ਅੰਤਰ ਛੇ ਤੋਂ 15 ਫ਼ੀਸਦ ਵੋਟਾਂ ਵਿਚਾਲੇ ਰਹਿ ਸਕਦਾ ਹੈ। ਦੋਵੇਂ ਉਮੀਦਵਾਰ ਇਕ ਖੱਬੇ ਪੱਖੀ ਉਮੀਦਵਾਰ ਦੀਆਂ 77 ਲੱਖ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਉਮੀਦਵਾਰ ਰਾਸ਼ਟਰਪਤੀ ਅਹੁਦੇ ਦੀ ਦੌੜ ’ਚੋਂ ਬਾਹਰ ਹੋ ਗਿਆ ਹੈ। -ਏਪੀ