ਇਸਲਾਮਾਬਾਦ, 22 ਮਾਰਚ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਸੈਨੇਟ ਚੇਅਰਮੈਨ ਦੀ ਚੋਣ ਦੇ ਨਤੀਜੇ ਨੂੰ ਇਸਲਾਮਾਬਾਦ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ। ਹਫ਼ਤੇ ਤੋਂ ਵੱਧ ਸਮਾਂ ਪਹਿਲਾਂ ਹੋਏ ਮੁਕਾਬਲੇ ’ਚ ਸੰਸਦ ਦੇ ਮੌਜੂਦਾ ਚੇਅਰਮੈਨ ਸਾਦਿਕ ਸੰਜਰਾਨੀ (42), ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੇ ਗੱਠਜੋੜ ਦੀ ਹਮਾਇਤ ਪ੍ਰਾਪਤ ਸੀ, ਨੇ ਚੋਣ ’ਚ ਸਾਰੇ ਵਿਰੋਧੀ ਦਲਾਂ ਦੇ ਗੱਠਜੋੜ ਪੀਪਲਜ਼ ਡੈਮੋਕਰੈਟਿਕ ਮੂਵਮੈਂਟ (ਪੀਡੀਐੱਮ) ਵੱਲੋਂ ਸਾਂਝੇ ਉਮੀਦਵਾਰ ਗਿਲਾਨੀ ਨੂੰ 6 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਸੀ। ਸੰਜਰਾਨੀ ਨੂੰ 48 ਅਤੇ ਗਿਲਾਨੀ ਨੂੰ 42 ਵੋਟਾਂ ਪਈਆਂ ਸਨ। ਕੁੱਲ ਪਈਆਂ 98 ਵੋਟਾਂ ਵਿੱਚੋਂ ਅੱਠ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 7 ’ਤੇ ਗਿਲਾਨੀ ਦੇ ਨਾਂ ਦੀ ਮੋਹਰ ਸੀ।
ਯੂਸਫ ਰਜ਼ਾ ਗਿਲਾਨੀ ਵੱਲੋਂ ਫਾਰੂਕ ਐੱਚ. ਨਾਇਕ ਨੇ ਇਸਲਾਮਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ, ਜਿਸ ਨੂੰ ਚੀਫ਼ ਜਸਟਿਸ ਹੁਸੈਨ ਸ਼ਾਹ ਮਿਨ੍ਹਾਉੱਲ੍ਹਾ ਨੇ ਸਵੀਕਾਰ ਕਰ ਲਿਆ ਹੈ। ਪਟੀਸ਼ਨ ’ਤੇ ਸੁਣਵਾਈ 24 ਮਾਰਚ ਨੂੰ ਹੋਵੇਗੀ। ਯੂਸਫ਼ ਰਜ਼ਾ ਗਿਲਾਨੀ ਨੇ ਪਟੀਸ਼ਨ ’ਚ ਪ੍ਰੀਜ਼ਾਈਡਿੰਗ ਅਧਿਕਾਰੀ ਸਈਦ ਮੁਜ਼ੱਫਰ ਹੁਸੈਨ ਸ਼ਾਹ, ਕਾਨੂੰਨ ਤੇ ਨਿਆਂ ਮੰਤਰਾਲਾ, ਸੰਸਦੀ ਮਾਮਲੇ ਮੰਤਰਾਲਾ, ਸੈਨੇਟ ਸਕੱਤਰੇਤ ਅਤੇ ਸੈਨੇਟ ਦੇ ਚੇਅਰਮੈਨ ਸੰਜਰਾਨੀ ਨੂੰ ਧਿਰ ਬਣਾਇਆ ਹੈ। ਉਨ੍ਹਾਂ ਅਪੀਲ ਕੀਤੀ ਕਿ 12 ਮਾਰਚ ਨੂੰ ਹੋਈ ਚੋਣ ਦੇ ਨਤੀਜੇ ਦੇ ਨਾਲ ਸੰਜਰਾਨੀ ਦੀ ਜਿੱਤ ਨੂੰ ਗਲਤ ਕਰਾਰ ਦਿੱਤਾ ਜਾਵੇ। ਇਸ ਮਸਲੇ ਦਾ ਕਾਰਨ ਰੱਦ ਕੀਤੀਆਂ ਗਈਆਂ 7 ਵੋਟਾਂ ਹਨ, ਜੋ ਗਿਲਾਨੀ ਦੇ ਪੱਖ ’ਚ ਸਨ ਪਰ ਪ੍ਰੀਜ਼ਾਈਡਿੰਗ ਅਧਿਕਾਰੀ ਵੱਲੋਂ ਤਕਨੀਕੀ ਆਧਾਰ ’ਤੇ ਖਾਰਜ ਕਰ ਦਿੱਤੀਆਂ ਗਈਆਂ। -ਪੀਟੀਆਈ