ਪੇਈਚਿੰਗ, 19 ਅਗਸਤ
ਤਿੱਬਤ ਨੂੰ ਚੀਨ ਤੋਂ ਵੱਖ ਕਰਨ ਦੀ ਕਿਸੇ ਵੀ ਕੋਸ਼ਿਸ਼ ਖ਼ਿਲਾਫ਼ ਚਿਤਾਵਨੀ ਦਿੰਦਿਆਂ ਚੀਨ ਦੇ ਸੀਨੀਅਰ ਅਧਿਕਾਰੀ ਨੇ ਅੱਜ ਦਾਅਵਾ ਕੀਤਾ ਕਿ ਦਲਾਈ ਲਾਮਾ ਦੇ ਹਮਾਇਤੀਆਂ ਵੱਲੋਂ ਕੀਤੀਆਂ ਜਾ ਰਹੀਆਂ ਵੱਖਵਾਦੀ ਅਤੇ ਸਾਬੋਤਾਜ ਸਰਗਰਮੀਆਂ ਨੂੰ ਕੁਚਲ ਦਿੱਤਾ ਗਿਆ ਹੈ। ਚੀਨ ਨੇ ਤਿੱਬਤ ਦੀ ਰਾਜਧਾਨੀ ਲਹਾਸਾ ’ਚ ਤਿੱਬਤ ’ਤੇ ਕਬਜ਼ੇ ਦੀ 70ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਲਹਾਸਾ ’ਚ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਬੈਠਕ ਦੌਰਾਨ ਚੀਨ ਦੇ ਸਿਆਸੀ ਸਲਾਹਕਾਰ ਵੈਂਗ ਯੈਂਗ ਨੇ ਤਿੱਬਤ ਨੂੰ ਸੱਦਾ ਦਿੱਤਾ ਕਿ ਉਹ ਹੁਕਮਰਾਨ ਕਮਿਊਨਿਸਟ ਪਾਰਟੀ ਆਫ਼ ਚੀਨ ਦੀ ਲੀਡਰਸ਼ਿਪ ਦਾ ਪਾਲਣ ਕਰਨ। ਉਨ੍ਹਾਂ ਸਰਹੱਦੀ ਇਲਾਕਿਆਂ ਅਤੇ ਖ਼ਿੱਤੇ ’ਚ ਸਥਿਰਤਾ ਕਾਇਮ ਕਰਨ ਤੇ ਸ਼ਿੰਘਾਈ-ਤਿੱਬਤ ਪਠਾਰ ਦੇ ਭੂਗੋਲਿਕ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਕਿਹਾ। ਉਨ੍ਹਾਂ ਸਾਰੇ ਮੂਲ ਵਾਸੀ ਗੁੱਟਾਂ ਨੂੰ ਵੱਖਵਾਦੀ ਕਾਰਵਾਈਆਂ ਖ਼ਿਲਾਫ਼ ਰੱਖਿਆ ਦੀਵਾਰ ਵਜੋਂ ਖੜ੍ਹਾ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਚੀਨ ਤੋਂ ਬਾਹਰਲੇ ਕਿਸੇ ਵੀ ਵਿਅਕਤੀ ਦੇ ਤਿੱਬਤ ਦੇ ਮਾਮਲਿਆਂ ’ਚ ਉਂਗਲ ਉਠਾਉਣ ਦਾ ਕੋਈ ਹੱਕ ਨਹੀਂ ਹੈ। ਵੈਂਗ ਨੇ ਕਿਹਾ ਕਿ ਨਵਾਂ ਸੋਸ਼ਲਿਸਟ ਤਿੱਬਤ ਦੁਨੀਆ ’ਚ ਮਜ਼ਬੂਤੀ ਨਾਲ ਡਟਿਆ ਹੋਇਆ ਹੈ। -ਪੀਟੀਆਈ