ਲਾਹੌਰ, 8 ਸਤੰਬਰ
ਪਾਕਿਸਤਾਨ ਦੇ ਅਧਿਕਾਰੀਆਂ ਨੇ ਗ਼ੈਰਕਾਨੂੰਨੀ ਢੰਗ ਨਾਲ ਅੰਗ ਬਦਲਣ (ਟਰਾਂਸਪਲਾਂਟ) ਲਈ ਲੋਕਾਂ ਨੂੰ ਚੀਨ ਲਿਜਾਣ ਦੇ ਦੋਸ਼ ਹੇਠ ਸੱਤ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਬੀਤੇ ਦਿਨ ਲਾਹੌਰ ਪਾਸਪੋਰਟ ਦਫ਼ਤਰ ਵਿਚੋਂ ਇਨ੍ਹਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਉਨ੍ਹਾਂ ਦਾ ਆਗੂ ਅਬਦੁਲ ਲਤੀਫ਼ ਵੀ ਸ਼ਾਮਲ ਹੈ। ਐੱਫਆਈਏ ਨੇ ਪਹਿਲਾਂ ਵੀ ਖ਼ਾਸਕਰ ਪੰਜਾਬ ਵਿਚੋਂ ਅੰਗ ਬਦਲਣ ਦੇ ਧੰਦੇ ਵਿਚ ਸ਼ਾਮਲ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਐੱਫਆਈਏ ਦੇ ਡਿਪਟੀ ਡਾਇਰੈਕਟਰ (ਪੰਜਾਬ) ਸਰਦਾਰ ਮਾਵਰਹਾਨ ਖਾਨ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਚੀਨ ਵਿਚ ਮਨੁੱਖੀ ਅੰਗਾਂ ਦੇ ਗ਼ੈਰਕਾਨੂੰਨੀ ਟਰਾਂਸਪਲਾਂਟ ਲਈ ਲਾਹੌਰ ਵਿਚ ਅੰਤਰਰਾਸ਼ਟਰੀ ਗਰੋਹ ਸਰਗਰਮ ਹੈ, ਜਿਸ ਮਗਰੋਂ ਟੀਮ ਨੇ ਪਾਸਪੋਰਟ ਦਫ਼ਤਰ ਵਿਚ ਛਾਪਾ ਮਾਰਿਆ ਤੇ ਦਾਨੀਆਂ ਅਤੇ ਏਜੰਟਾਂ ਸਣੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ।
-ਪੀਟੀਆਈ