ਜੈਪੁਰ, 8 ਸਤੰਬਰ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਦੁਪਹਿਰੇ ਅਜਮੇਰ ਸਥਿਤ ਸੂਫ਼ੀ ਸੰਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ’ਤੇ ਸਿਜਦਾ ਕੀਤਾ ਤੇ ਚਾਦਰ ਚੜ੍ਹਾਈ। ਉਹ ਸਖ਼ਤ ਸੁਰੱਖਿਆ ਹੇਠ ਆਪਣੇ ਵਫ਼ਦ ਨਾਲ ਸੜਕ ਰਾਹੀਂ ਅਜਮੇਰ ਪੁੱਜੇ ਸਨ। ਇਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਦਰਗਾਹ ਦੇ ਮੌਲਵੀ ਸੱਯਦ ਕਲੀਮੂਦੀਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦਰਗਾਹ ’ਤੇ ਚਾਦਰ ਚੜ੍ਹਾਈ ਅਤੇ ਦੋਵਾਂ ਮੁਲਕਾਂ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਦੁਆ ਕੀਤੀ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਇਕ ਘੰਟਾ ਦਰਗਾਹ ਵਿੱਚ ਰੁਕੀ। ਇਸ ਦੌਰਾਨ ਕਿਸੇ ਹੋਰ ਨੂੰ ਦਰਗਾਹ ਵਿੱਚ ਜਿਆਰਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਦਰਗਾਹ ਦਾ ਨੇੜਲਾ ਬਾਜ਼ਾਰ ਵੀ ਬੰਦ ਰਿਹਾ। ਵਾਪਸ ਜਾਣ ਤੋਂ ਪਹਿਲਾਂ ਉਹ ਕੁਝ ਸਮਾਂ ਸਰਕਟ ਹਾਊਸ ਵਿੱਚ ਵੀ ਰੁਕੇ। ਇਸ ਤੋਂ ਪਹਿਲਾਂ ਦਿਨ ’ਚ ਉਹ ਆਪਣੇ ਵਫ਼ਦ ਨਾਲ ਇੱਥੇ ਸਥਿਤ ਕੌਮਾਂਤਰੀ ਏਅਰਪੋਰਟ ’ਤੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਪੁੱਜੇ, ਜਿੱਥੇ ਸੂਬੇ ਦੇ ਸਿੱਖਿਆ ਮੰਤਰੀ ਬੀ ਡੀ ਕੱਲਾ ਤੇ ਉੱਚ ਅਧਿਕਾਰੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। -ਏਜੰਸੀ