ਔਗਾਡੋਊਗੋਊ, 24 ਜਨਵਰੀ
ਬੁਰਕੀਨਾ ਫਾਸੋ ਦੇ ਰਾਸ਼ਟਰਪਤੀ ਰੋਚ ਮਾਰਕ ਕ੍ਰਿਸਚੀਅਨ ਕਾਬੋਰੇ ਦੀ ਰਿਹਾਇਸ਼ ਕੋਲ ਐਤਵਾਰ ਦੇਰ ਰਾਤ ਗੋਲੀਆਂ ਚੱਲੀਆਂ। ਇਸ ਤੋਂ ਪਹਿਲਾਂ ਬਾਗੀ ਸੈਨਿਕਾਂ ਨੇ ਦਿਨ ਵਿਚ ਇਕ ਸੈਨਿਕ ਟਿਕਾਣੇ ਉਤੇ ਕਬਜ਼ਾ ਕਰ ਲਿਆ। ਇਸ ਨਾਲ ਹੁਣ ਦੇਸ਼ ਵਿਚ ਫ਼ੌਜੀ ਤਖ਼ਤਾ ਪਲਟ ਦੇ ਆਸਾਰ ਬਣ ਗਏ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸੈਨਾ ਦੇ ਅੱਡੇ ਉਤੇ ਘੰਟਿਆਂ ਤੱਕ ਗੋਲੀਬਾਰੀ ਹੋਣ ਦੇ ਬਾਵਜੂਦ ਸਥਿਤੀ ਕਾਬੂ ਹੇਠ ਹੈ ਪਰ ਦਿਨ ਦੇ ਅੰਤ ਵਿਚ ਬਾਗੀਆਂ ਦਾ ਸਮਰਥਨ ਕਰ ਰਹੇ ਸਰਕਾਰੀ ਵਿਰੋਧੀ ਮੁਜ਼ਾਹਰਾਕਾਰੀਆਂ ਨੇ ਕਾਬੋਰੇ ਦੀ ਪਾਰਟੀ ਦੀ ਇਕ ਇਮਾਰਤ ਵਿਚ ਅੱਗ ਲਾ ਦਿੱਤੀ। ਇਸੇ ਦੌਰਾਨ ਰਾਸ਼ਟਰਪਤੀ ਦੀ ਰਿਹਾਇਸ਼ ਨੇੜੇ ਐਤਵਾਰ ਦੇਰ ਰਾਤ ਗੋਲੀਆਂ ਚੱਲੀਆਂ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਰਾਸ਼ਟਰਪਤੀ ਘਰ ਵਿਚ ਸਨ ਜਾਂ ਨਹੀਂ। -ਏਪੀ