ਕਰਾਚੀ, 16 ਅਗਸਤ
ਪਾਕਿਸਤਾਨ ਦੇ ਸਿੰਧ ਸੂਬੇ ’ਚ ਅੱਜ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਘੱਟੋ-ਘੱਟ 28 ਵਿਅਕਤੀਆਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ। ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾ ਹਾਦਸਾ ਸਿੰਧ ਵਿੱਚ ਮੁਲਤਾਨ-ਸੱਖਰ ਮੋਟਰਵੇਅ (ਐੱਮ-5) ’ਤੇ ਵਾਪਰਿਆ, ਜਿਸ ਵਿੱਚ 20 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋਏ। ਮੁਲਤਾਨ ਦੇ ਡਿਪਟੀ ਕਮਿਸ਼ਨਰ ਤਾਹਿਰ ਵੱਟੂ ਨੇ ਦੱਸਿਆ ਕਿ ਅੱਜ ਇੱਕ ਬੱਸ ਲਾਹੌਰ ਤੋਂ ਕਰਾਚੀ ਜਾ ਰਹੀ ਸੀ। ਸੱਖਰ ਨੇੜੇ ਇਹ ਬੱਸ ਤੇਲ ਵਾਲੇ ਟੈਂਕਰ ਨਾਲ ਟਕਰਾ ਗਈ। ਟੱਕਰ ਮਗਰੋਂ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਕਾਰਨ 20 ਵਿਅਕਤੀ ਜਿਊਂਦੇ ਸੜ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ।
ਇਸੇ ਤਰ੍ਹਾਂ ਦੂਜਾ ਹਾਦਸਾ ਕਰਾਚੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਹਾਈਵੇਅ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਜਦੋਂ ਇੱਕ ਵਾਹਨ ਸਵਾਤ ਤੋਂ ਕਰਾਚੀ ਆ ਰਿਹਾ ਸੀ ਤਾਂ ਸੰਤੁਲਨ ਗੁਆਚਣ ਕਾਰਨ ਵਾਹਨ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਗੈਰ-ਸਰਕਾਰੀ ਸੰਸਥਾ ਈਧੀ ਸੈਂਟਰ ਨਾਲ ਸਬੰਧਤ ਇੱਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਚਾਰ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। -ਪੀਟੀਆਈ