ਕਰਾਚੀ, 4 ਨਵੰਬਰ
ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ ਹਿੰਦੂ ਮੰਦਰ ਦੀ ਭੀੜ ਵੱਲੋਂ ਤੋੜ-ਭੰਨ ਕੀਤੀ ਗਈ ਹੈ। ਇਸ ਦੌਰਾਨ 300 ਹਿੰਦੂ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹਾਲਾਂਕਿ ਮੁਸਲਿਮ ਭਾਈਚਾਰੇ ਨੇ ਭੀੜ ਨੂੰ ਰੋਕ ਲਿਆ। ਇਕ ਮੀਡੀਆ ਰਿਪੋਰਟ ਮੁਤਾਬਕ ਘਟਨਾ ਐਤਵਾਰ ਨੂੰ ਸ਼ੀਤਲ ਦਾਸ ਖੇਤਰ ਵਿਚ ਵਾਪਰੀ ਜਿੱਥੇ 300 ਹਿੰਦੂ ਤੇ 30 ਮੁਸਲਿਮ ਪਰਿਵਾਰ ਰਹਿੰਦੇ ਹਨ। ਲੋਕਾਂ ਨੇ ਦੱਸਿਆ ਕਿ ਵੱਡੀ ਗਿਣਤੀ ਪੁਰਸ਼ ਰਿਹਾਇਸ਼ੀ ਇਲਾਕੇ ਦੇ ਗੇਟ ਉਤੇ ਇਕੱਠੇ ਹੋ ਗਏ ਤੇ ਉਨ੍ਹਾਂ ਦਾ ਮੰਤਵ ਹਿੰਦੂ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਸੀ। ਹਾਲਾਂਕਿ ਇਸ ਇਲਾਕੇ ਦੇ ਆਲੇ-ਦੁਆਲੇ ਰਹਿੰਦੇ ਮੁਸਲਿਮ ਪਰਿਵਾਰ ਮੌਕੇ ਉਤੇ ਇਕੱਠੇ ਹੋ ਗਏ ਤੇ ਉਨ੍ਹਾਂ ਭੀੜ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕ ਲਿਆ। ‘ਦੀ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਪੁਲੀਸ ਵੀ ਮੌਕੇ ਉਤੇ ਪਹੁੰਚ ਗਈ। ਇਸੇ ਦੌਰਾਨ ਕੁਝ ਵਿਅਕਤੀ ਮੰਦਰ ਤੱਕ ਪਹੁੰਚ ਗਏ ਤੇ ਇਸ ਨੂੰ ਨੁਕਸਾਨ ਪਹੁੰਚਾਇਆ। ਮੌਕੇ ਉਤੇ ਮੌਜੂਦ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੰਦਰ ਵਿਚ ਰੱਖੀਆਂ ਕੁਝ ਪੁਰਾਤਨ ਮੂਰਤੀਆਂ ਨੁਕਸਾਨੀਆਂ ਗਈਆਂ ਹਨ। ਘਟਨਾ ਤੋਂ ਬਾਅਦ ਲੋਕ ਬਹੁਤ ਸਹਿਮੇ ਹੋਏ ਹਨ 60 ਹਿੰਦੂ ਪਰਿਵਾਰਾਂ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿਚ ਚਲੇ ਗਏ ਹਨ। ਘਰ ਛੱਡ ਕੇ ਉਹ ਔਰਤਾਂ ਤੇ ਬੱਚਿਆਂ ਨੂੰ ਨਾਲ ਲੈ ਕੇ ਜਿੱਥੇ ਸੁਰੱਖਿਅਤ ਮਹਿਸੂਸ ਹੋ ਰਿਹਾ ਹੈ, ਉੱਧਰ ਨੂੰ ਜਾ ਰਹੇ ਹਨ। -ਪੀਟੀਆਈ