ਸਿੰਗਾਪੁਰ, 8 ਜੁਲਾਈ
ਸਿੰਗਾਪੁਰ ਵਿੱਚ ਇੱਕ ਉਸਾਰੀ ਅਧੀਨ ਜਨਤਕ ਰਿਹਾਇਸ਼ੀ ਪ੍ਰਾਜੈਕਟ ’ਤੇ ਫੋਰਕਲਿਫਟ ਦੀ ਲਪੇਟ ਵਿੱਚ ਵਿੱਚ ਆਉਣ ਕਾਰਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ‘ਦਿ ਸਟਰੇਟ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਵੀਰਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਇੱਕ ਵਰਕਰ ਫੋਰਕਲਿਫਟ ’ਤੇ ਪਿਛਲੇ ਪਾਸੇ ਖੜ੍ਹ ਕੇ ਬਿਜਲੀ ਵਾਲੀ ਤਾਰ ਨੂੰ ਬੀਮ ਨਾਲ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸੇ ਸਮੇਂ ਫੋਰਕਲਿਫਟ ਅਚਾਨਕ ਪਿੱਛੇ ਮੁੜ ਗਈ। ਹਾਦਸਾ ਸਵੇਰੇ 10 ਵਜੇ ਵਾਪਰਿਆ ਅਤੇ ਵਰਕਰ ਫੋਰਕਲਿਫਟ ਅਤੇ ਬੀਮ ਦੇ ਵਿਚਕਾਰ ਫਸ ਗਿਆ। ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। -ਪੀਟੀਆਈ