ਗਾਜ਼ਾ ਸਿਟੀ, 19 ਮਈ
ਇਜ਼ਰਾਈਲ ਵੱਲੋਂ ਅੱਜ ਕੀਤੇ ਗਏ ਹਵਾਈ ਹਮਲਿਆਂ ਵਿਚ ਗਾਜ਼ਾ ਪੱਟੀ ’ਚ ਛੇ ਜਣੇ ਮਾਰੇ ਗਏ ਹਨ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਹਮਾਸ ਦੇ ਸ਼ਾਸਨ ਵਾਲੇ ਖੇਤਰ ਵਿਚੋਂ ਲਗਾਤਾਰ ਰਾਕੇਟ ਦਾਗੇ ਜਾ ਰਹੇ ਹਨ ਤੇ ਜਵਾਬੀ ਕਾਰਵਾਈ ਵਿਚ ਦੱਖਣੀ ਖੇਤਰ ਵਿਚ ਸਥਿਤ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫ਼ੌਜ ਮੁਤਾਬਕ ਖਾਨ ਯੂਨਿਸ ਤੇ ਰਾਫਾਹ ਕਸਬਿਆਂ ਵਿਚ 25 ਮਿੰਟ ਦੇ ਅੰਦਰ-ਅੰਦਰ 52 ਜਹਾਜ਼ਾਂ ਨੇ ਅਤਿਵਾਦੀਆਂ ਦੇ 40 ਜ਼ਮੀਨਦੋਜ਼ ਟਿਕਾਣੇ ਤਬਾਹ ਕਰ ਦਿੱਤੇ। ਗਾਜ਼ਾ ਦੇ ਸਿਹਤ ਵਿਭਾਗ ਮੁਤਾਬਕ ਹਮਲਿਆਂ ਵਿਚ ਇਕ ਔਰਤ ਦੀ ਮੌਤ ਹੋ ਗਈ ਤੇ 8 ਹੋਰ ਫੱਟੜ ਹੋ ਗਏ। ਹਮਾਸ ਵੱਲੋਂ ਚਲਾਏ ਜਾਂਦੇ ਅਲ-ਅਕਸਾ ਰੇਡੀਓ ਨੇ ਕਿਹਾ ਕਿ ਇਸ ਦਾ ਇਕ ਰਿਪੋਰਟਰ ਹਵਾਈ ਹਮਲੇ ਵਿਚ ਮਾਰਿਆ ਗਿਆ। ਗਾਜ਼ਾ ਦੇ ਸ਼ਿਫਾ ਹਸਪਤਾਲ ਵਿਚ ਅੱਜ ਪੰਜ ਲਾਸ਼ਾਂ ਲਿਆਂਦੀਆਂ ਗਈਆਂ। ਚਿਤਾਵਨੀ ਵਜੋਂ ਦਾਗੀ ਗਈ ਇਕ ਮਿਜ਼ਾਈਲ ਦੇ ਅਪਾਰਟਮੈਂਟ ਨਾਲ ਟਕਰਾਉਣ ਕਾਰਨ ਵੀ ਦੋ ਜਣੇ ਮਾਰੇ ਗਏ। ਇਸੇ ਦੌਰਾਨ ਹਿੰਸਾ ਰੋਕਣ ਤੇ ਸ਼ਾਂਤੀ ਬਹਾਲੀ ਲਈ ਕੂਟਨੀਤਕ ਕੋਸ਼ਿਸ਼ਾਂ ਵੀ ਜ਼ੋਰ ਫੜ ਰਹੀਆਂ ਹਨ। -ਏਪੀ
ਰੂਸ ਵੱਲੋਂ ਇਜ਼ਰਾਈਲ ਨੂੰ ਚਿਤਾਵਨੀ
ਮਾਸਕੋ: ਇਕ ਸੀਨੀਅਰ ਰੂਸੀ ਅਧਿਕਾਰੀ ਨੇ ਇਜ਼ਰਾਈਲ ਦੇ ਰਾਜਦੂਤ ਨੂੰ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਵਿਚ ਹੋਰ ਮੌਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਦੱਸਣਯੋਗ ਹੈ ਕਿ ਇਜ਼ਰਾਈਲ ਨੇ ਕਿਹਾ ਹੈ ਕਿ ਉਸ ਨੇ ਗਾਜ਼ਾ ਨਾਲ ਟਕਰਾਅ ਖ਼ਤਮ ਕਰਨ ਸਬੰਧੀ ਕੋਈ ਸਮਾਂ-ਸੀਮਾ ਤੈਅ ਨਹੀਂ ਕੀਤੀ ਹੈ। -ਰਾਇਟਰਜ਼
ਇਜ਼ਰਾਈਲ ਵੱਲੋਂ ਚੀਨ ’ਤੇ ‘ਯਹੂਦੀਆਂ ਵਿਰੋਧੀ’ ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਦੋਸ਼
ਪੇਈਚਿੰਗ: ਚੀਨ ਸਥਿਤ ਇਜ਼ਰਾਇਲੀ ਦੂਤਾਵਾਸ ਨੇ ਚੀਨ ਦੇ ਸਰਕਾਰੀ ਟੀਵੀ ਬਰਾਡਕਾਸਟਰ ‘ਸੀਸੀਟੀਵੀ’ ਵੱਲੋਂ ‘ਯਹੂਦੀਆਂ ਵਿਰੋਧੀ’ ਪ੍ਰੋਗਰਾਮ ਪ੍ਰਸਾਰਿਤ ਕਰਨ ’ਤੇ ਰੋਸ ਜ਼ਾਹਿਰ ਕੀਤਾ ਹੈ। ਇਸ ਪ੍ਰੋਗਰਾਮ ਵਿਚ ਗਾਜ਼ਾ ਦੀ ਹਿੰਸਾ ਦਾ ਜ਼ਿਕਰ ਹੈ। ‘ਸੀਸੀਟੀਵੀ’ ਵੱਲੋਂ ਵਿਦੇਸ਼ੀ ਪ੍ਰਸਾਰਨ ਲਈ ਰੱਖੇ ‘ਸੀਜੀਟੀਐਨ’ ਵੱਲੋਂ ਇਜ਼ਰਾਇਲੀ ਦੂਤਾਵਾਸ ਨੂੰ ਹਾਲੇ ਕੋਈ ਜਵਾਬ ਨਹੀਂ ਮਿਲਿਆ ਹੈ।