ਸਤਬਿੀਰ ਸਿੰਘ
ਬਰੈਂਪਟਨ, 25 ਜੂਨ
ਜਗਤ ਪੰਜਾਬੀ ਸਭਾ ਵੱਲੋਂ ਅਜੈਬ ਸਿੰਘ ਚੱਠਾ ਦੀ ਅਗਵਾਈ ਹੇਠ ਵਿੱਚ 6ਵੀਂ ਤਿੰਨ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ ਅੱਜ ਇੱਥੇ ਬਰੈਂਪਟਨ (ਕੈਨੇਡਾ) ਵਿੱਚ ਸ਼ੁਰੂ ਹੋਈ। ਸ਼ਮ੍ਹਾਂ ਰੋਸ਼ਨ ਕਰਨ ਦੀ ਰਸਮ ਸੰਸਦ ਮੈਂਬਰ ਸੋਨੀਆ ਸਿੱਧੂ ਅਤੇ ਮਨਿੰਦਰ ਸਿੱਧੂ ਨੇ ਕੀਤੀ। ਕਾਨਫਰੰਸ ਦਾ ਵਿਸ਼ਾ ‘ਪੰਜਾਬੀ ਭਾਸ਼ਾ ਦਾ ਭਵਿੱਖ ਤੇ ਵਿੱਦਿਆ ਪ੍ਰਣਾਲੀ’ ਰੱਖਿਆ ਗਿਆ ਹੈ। ਪ੍ਰਧਾਨਗੀ ਮੰਡਲ ਵਿੱਚ ਨਾਮਧਾਰੀ ਠਾਕੁਰ ਦਲੀਪ ਸਿੰਘ, ਸਾਬਕਾ ਉੱਪ ਕੁਲਪਤੀ ਡਾ. ਦਲਜੀਤ ਸਿੰਘ, ਤਰਲੋਚਨ ਸਿੰਘ ਅਟਵਾਲ, ਦਲਵੀਰ ਕਥੂਰੀਆ, ਤਲਵਿੰਦਰ ਸਿੰਘ ਥਿਆੜਾ, ਡਾ. ਹਰਸ਼ਰਨ ਕੌਰ, ਕਰਮਜੀਤ ਸਿੰਘ ਬਾਠ ਅਮਰੀਕਾ, ਅਜੈਬ ਸਿੰਘ ਚੱਠਾ ਆਦਿ ਸ਼ਾਮਲ ਸਨ।
ਇਸ ਮੌਕੇ ਸੰਸਦ ਮੈਂਬਰ ਮਨਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ ਪੰਜਾਬੀ ਭਾਸ਼ਾ ਤਾਂ ਹੀ ਜਿਊਂਦੀ ਰਹਿ ਸਕਦੀ ਹੈ ਜੇ ਅਸੀਂ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਬੋਲਾਂਗੇ। ਐੱਮਪੀ ਸੋਨੀਆ ਸਿੱਧੂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਾਨਫਰੰਸ ਲਈ ਭੇਜਿਆ ਵਧਾਈ ਸੰਦੇਸ਼ ਪੜ੍ਹ ਕੇ ਸੁਣਾਇਆ ਅਤੇ ਕਿਹਾ ਕਿ ਸੰਸਾਰ ਵਿੱਚ 10 ਕਰੋੜ ਲੋਕ ਪੰਜਾਬੀ ਬੋਲਦੇ ਹਨ। ਜੇ ਉਹ ਮਾਤ ਭਾਸ਼ਾ ਪ੍ਰਤੀ ਅਵੇਸਲੇ ਨਾ ਹੋਏ ਪੰਜਾਬੀ ਵਿਸ਼ਵ ਪੱਧਰ ਦੀ ਬੋਲੀ ਬਣ ਸਕਦੀ ਹੈ।
ਨਾਮਧਾਰੀ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਪੰਜਾਬੀ ਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਕਿਉਂਕਿ ਇਹ ਸਾਰਿਆਂ ਦੀ ਭਾਸ਼ਾ ਹੈ। ਦਲਵੀਰ ਸਿੰਘ ਕਥੂਰੀਆ ਨੇ ਪੰਜਾਬੀ ਭਾਸ਼ਾ ਬਾਰੇ ਲਿਖੀ ਕਵਿਤਾ ਪੜ੍ਹੀ। ਡਾ. ਗੁਰਸ਼ਰਨ ਕੌਰ ਨੇ ਕਿਹਾ ਕਿ ਤੁਸੀਂ ਜਿੱਥੇ ਵੀ ਜਾਓ ਉੱਥੇ ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਦੁਭਾਸ਼ੀਏ ਹਰ ਥਾਂ ਹੁੰਦੇ ਹਨ। ਸਾਬਕਾ ਉਪ ਕੁਲਪਤੀ ਡਾ. ਦਲਜੀਤ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਬੱਚਿਆਂ ਲਈ ਪੰਜਾਬੀ ਦੇ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤੇ ਜਾਣ। ਅਜੈਬ ਸਿੰਘ ਚੱਠਾ ਨੇ ਕਿਹਾ ਕਿ ਪੰਜਾਬੀ ਹੁਣ ਹਰ ਦੇਸ਼ ਵਿੱਚ ਵਸ ਚੁੱਕੇ ਹਨ। ਪੰਜਾਬੀ ਨੂੰ ਹਰ ਥਾਂ ਸਿੱਖਿਆ ਪ੍ਰਣਾਲੀ ਦਾ ਹਿੱਸਾ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਆਵਾਜ਼ ਉਠਾਉਣੀ ਚਾਹੀਦੀ ਹੈ। ਇਸ ਮੌਕੇ ਕਵਿੱਤਰੀ ਪਰਮਜੀਤ ਕੌਰ ਦਿਉਲ, ਸੁਰਿੰਦਰਪਾਲ ਕੌਰ ਰਾਜਾਸਾਂਸੀ, ਰਮਿੰਦਰ ਕੌਰ ਰਮੀ, ਕਵੀ ਮਲਵਿੰਦਰ ਸਿੰਘ, ਪਿਆਰਾ ਸਿੰਘ ਕੁਦੋਵਾਲ, ਜਤਿੰਦਰ ਕਹਾਣੀਕਾਰ, ਹਰਭਜਨ ਕੌਰ ਗਿੱਲ, ਹਰਦਿਆਲ ਸਿੰਘ ਝੀਤਾ, ਡਾ. ਜਗਜੀਤ ਸਿੰਘ, ਸਰਬਜੀਤ ਸਿੰਘ ਵਿਰਕ ਹਾਜ਼ਰ ਸਨ।