ਲੰਡਨ, 3 ਨਵੰਬਰ
ਤਿੰਨ ਅਮਰੀਕੀ ਲੇਖਕ ‘ਬੁੱਕਰ ਪ੍ਰਾਈਜ਼’ ਦੀ ਦੌੜ ਵਿਚ ਹਨ। ਇਸ ਵੱਕਾਰੀ ਪੁਰਸਕਾਰ ਦੀ ਦੌੜ ਵਿਚ ਛੇ ਨਾਵਲ ਸ਼ਾਮਲ ਹਨ ਜੋ ਕਿ ਇਤਿਹਾਸ, ਇੰਟਰਨੈੱਟ ਤੇ ਕਈ ਹੋਰ ਖੇਤਰਾਂ ਦੀਆਂ ਕਹਾਣੀਆਂ ਕਹਿੰਦੇ ਹਨ। ਦੱਖਣੀ ਅਫ਼ਰੀਕੀ ਲੇਖਕ ਡੈਮਨ ਗੈਲਗਟ ਦੀ ਨਸਲਵਾਦ ਨਾਲ ਜੁੜੀ ਕਹਾਣੀ ‘ਦਿ ਪਰੌਮਿਸ’ ਖ਼ਿਤਾਬ ਦੀ ਦੌੜ ਵਿਚ ਅੱਗੇ ਹੈ। ਜਿੱਤਣ ਵਾਲੇ ਨੂੰ 50 ਹਜ਼ਾਰ ਪਾਊਂਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਗੈਲਗਟ ਇਸ ਤੋਂ ਪਹਿਲਾਂ ‘ਦਿ ਗੁੱਡ ਡਾਕਟਰ’ (2003) ਅਤੇ ‘ਇਨ ਏ ਸਟ੍ਰੇਂਜ ਰੂਮ’ (2010) ਲਈ ਵੀ ਨਾਮਜ਼ਦ ਹੋ ਚੁੱਕੇ ਹਨ। ਸ੍ਰੀਲੰਕਾ ਦੇ ਲੇਖਕ ਅਨੁਕ ਅਰੁਦਪ੍ਰਗਾਸਮ ਦੀ ਜੰਗ ਅਤੇ ਉਸ ਦੇ ਸਿੱਟਿਆਂ ਦੀ ਬਾਤ ਪਾਉਂਦੀ ਕਹਾਣੀ ‘ਏ ਪੈਸੇਜ ਨੌਰਥ’ ਵੀ ਖਿਤਾਬ ਜਿੱਤਣ ਦੀ ਦਾਅਵੇਦਾਰ ਹੈ। ਇਸ ਤੋਂ ਇਲਾਵਾ ਅਮਰੀਕੀ ਲੇਖਕ ਰਿਚਰਡ ਪਾਵਰਸ ਦੀ ‘ਬੀਵਿਲਡਰਮੈਂਟ’ ਵੀ ਖਿਤਾਬ ਦੀ ਦੌੜ ਵਿਚ ਮੋਹਰੀ ਹੈ। ਪਾਵਰਸ ਇਸ ਤੋਂ ਪਹਿਲਾਂ ‘ਦਿ ਓਵਰਸਟੋਰੀ’ ਲਈ ਪੁਲਿਤਜ਼ਰ ਪੁਰਸਕਾਰ ਜਿੱਤ ਚੁੱਕੇ ਹਨ। ਇਕ ਹੋਰ ਅਮਰੀਕੀ ਮੁਕਾਬਲੇਬਾਜ਼ ਪੈਟਰੀਸ਼ੀਆ ਲੌਕਵੁੱਡ ਹੈ ਜਿਨ੍ਹਾਂ ਦਾ ਸੋਸ਼ਲ ਮੀਡੀਆ ਦੀ ਬਾਤ ਪਾਉਂਦਾ ਨਾਵਲ ‘ਨੋ ਵਨ ਇਜ਼ ਟਾਕਿੰਗ ਅਬਾਊਟ ਦਿਸ’ ਵੀ ਬੁੱਕਰ ਪੁਰਸਕਾਰ ਲਈ ਨਾਮਜ਼ਦ ਹੈ। -ਏਪੀ