ਲੰਡਨ, 25 ਸਤੰਬਰ
ਲੈਸਟਰ ਵਿੱਚ ਲੰਘੇ ਦਿਨੀਂ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਨੂੰ ਲੈ ਕੇ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਹੋਈ ਹਿੰਸਾ ਨੂੰ ‘ਬੇਮਾਇਨਾ’ ਕਰਾਰ ਦਿੰਦਿਆਂ, ਇਸ ਖ਼ਿਲਾਫ਼ ਲੜਨ ਲਈ ਸ਼ਹਿਰ ਵਿੱਚ ਦੱਖਣੀ ਏਸ਼ਿਆਈ ਮੂਲ ਦੀਆਂ ਮਹਿਲਾ ਆਗੂਆਂ ਦਾ ਇਕ ਸਮੂਹ ਇਕਜੁੱਟ ਹੋਇਆ ਹੈ। ਸ਼ਨਿਚਰਵਾਰ ਨੂੰ ਇਕ ਸਾਂਝੀ ਅਪੀਲ ਕਰਦਿਆਂ ਪੂਰਬੀ ਇੰਗਲੈਂਡ ਖੇਤਰ ਤੋਂ ਭਾਈਚਾਰੇ ਦੇ ਆਗੂਆਂ ਅਤੇ ਸਥਾਨਕ ਸਿਆਸਤਦਾਨਾਂ ਨੇ ਕਿਹਾ ਕਿ ਰਹਿਣ ਅਤੇ ਕੰਮ ਕਰਨ ਲਈ ਲੈਸਟਰ ਬਹੁਤ ਵਧੀਆ ਜਗ੍ਹਾ ਹੈ। ਉਨ੍ਹਾਂ ‘ਨਫ਼ਰਤ ਨਾਲ ਭਰੀ ਹਿੰਸਾ’ ਦੇ ਹੱਲ ਦਾ ਸੱਦਾ ਦਿੱਤਾ। ਸਥਾਨਕ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਇਹ ਔਰਤਾਂ ਲੈਸਟਰ ਵਿੱਚ ਟਾਊਨ ਹਾਲ ਦੇ ਬਾਹਰ ਇਕੱਤਰ ਹੋਈਆਂ ਜਿੱਥੇ ਕਿ ਭਾਰਤੀ ਮੂਲ ਦੀ ਕੌਂਸਲਰ ਰੀਟਾ ਪਟੇਲ ਨੇ ਇਕ ਸਾਂਝਾ ਬਿਆਨ ਪੜ੍ਹਿਆ। ਬਿਆਨ ਵਿੱਚ ਲਿਖਿਆ ਸੀ, ‘‘ਲੈਸਟਰ ਤੋਂ ਅਸੀਂ ਏਸ਼ਿਆਈ ਮੂਲ ਦੀਆਂ ਮਹਿਲਾਵਾਂ, ਸ਼ਹਿਰ ਵਾਸੀਆਂ ਨੂੰ ਮਿਲ ਕੇ ਰੈਲੀ ਕਰਨ ਅਤੇ ਪਿਛਲੇ ਹਫ਼ਤੇ ਹੋਈ ਬੇਮਾਇਨਾ ਹਿੰਸਾ ਜਿਸ ਨਾਲ ਕਿ ਸਾਡੇ ਭਾਈਚਾਰਿਆਂ ’ਚ ਫੁੱਟ ਪੈ ਗਈ, ਦਾ ਵਿਰੋਧ ਕਰਨ ਦਾ ਸੱਦਾ ਦਿੰਦੀਆਂ ਹਨ। ਅਸੀਂ ਸਾਡੇ ਸ਼ਹਿਰ ਵਿੱਚ ਨਫ਼ਰਤ ਤੇ ਹਿੰਸਾ ਫੈਲਾਉਣ ਵਾਲਿਆਂ ਦੀ ਆਲੋਚਨਾ ਕਰਦੀਆਂ ਹਨ – ਤੁਸੀਂ ਸਾਨੂੰ ਪਾੜਨ ਵਿੱਚ ਸਫ਼ਲ ਨਹੀਂ ਹੋਵੋਗੇ।’’
ਬਿਆਨ ਵਿੱਚ ਕਿਹਾ ਗਿਆ, ‘‘ਇਹ ਸਮਾਂ ਹੱਲ ਕੱਢਣ ਦਾ ਹੈ। ਇਸ ਵਾਸਤੇ ਅਸੀਂ ਲੈਸਟਰ ਦੀਆਂ ਔਰਤਾਂ ਨੂੰ ਵੱਖ-ਵੱਖ ਭਾਈਚਾਰਿਆਂ ਨੂੰ ਇਕ ਵਾਰ ਫਿਰ ਤੋਂ ਇਕੱਠੇ ਕਰਨ ਲਈ ਸਾਡਾ ਸਾਥ ਦੇਣ ਦਾ ਹੋਕਾ ਦਿੰਦੀਆਂ ਹਾਂ।’’ -ਪੀਟੀਆਈ