ਸਿਓਲ, 21 ਜੂਨ
ਦੱਖਣੀ ਕੋਰੀਆ ਨੇ ਅੱਜ ਆਪਣਾ ਪਹਿਲਾ ਘਰੇਲੂ ਸਪੇਸ ਰਾਕੇਟ ਲਾਂਚ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਇਸ ਸਫ਼ਲਤਾ ਨੇ ਦੇਸ਼ ਦੀਆਂ ਪੁਲਾੜ ਸਬੰਧੀ ਵਧ ਰਹੀਆਂ ਇੱਛਾਵਾਂ ਨੂੰ ਹੁਲਾਰਾ ਦਿੱਤਾ ਹੈ ਅਤੇ ਸਾਬਤ ਕੀਤਾ ਹੈ ਕਿ ਉਸ ਕੋਲ ਆਪਣੇ ਵਿਰੋਧੀ ਉੱਤਰੀ ਕੋਰੀਆ ਨਾਲੋਂ ਵੱਡੀਆਂ ਮਿਜ਼ਾਈਲਾਂ ਬਣਾਉਣ ਲਈ ਤਕਨੀਕ ਉਪਲਬਧ ਹੈ। ਵਿਗਿਆਨ ਮੰਤਰਾਲੇ ਨੇ ਦੱਸਿਆ ਕਿ ਦੱਖਣੀ ਕੋਰੀਆ ਦੇ ਦੱਖਣੀ ਟਾਪੂ ’ਤੇ ਸਥਿਤ ਸਪੇਸ ਲਾਂਚ ਸੈਂਟਰ ਤੋਂ ਸ਼ਾਮ ਚਾਰ ਵਜੇ ਤੋਂ ਬਾਅਦ ਇਹ ਤਿੰਨ ਪੜਾਅ ਵਾਲਾ ਨੂਰੀ ਰਾਕੇਟ ਲਾਂਚ ਕੀਤਾ ਗਿਆ। ਵਿਗਿਆਨ ਮੰਤਰੀ ਲੀ ਜੋਂਗ ਹੋ ਨੇ ਕਿਹਾ ਕਿ ਕੋਰੀਆ ਗਣਰਾਜ ਦੇ ਵਿਗਿਆਨ ਅਤੇ ਤਕਨੀਕ ਨੇ ਬਹੁਤ ਤਰੱਕੀ ਕੀਤੀ ਹੈ। ਵਿਗਿਆਨੀਆਂ ਨਾਲ ਵੀਡੀਓ ਕਾਨਫਰੰਸ ਕਰਦਿਆਂ ਰਾਸ਼ਟਰਪਤੀ ਯੂਨ ਸੁਕ ਯਿਓਲ ਨੇ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ‘ਸਟੇਟ ਏਅਰੋਸਪੇਸ ਏਜੰਸੀ’ ਸਥਾਪਤ ਕਰਨ ਦਾ ਆਪਣਾ ਵਾਅਦਾ ਪੂਰਾ ਕਰਨ ਦੀ ਵਚਨਬੱਧਤਾ ਦੁਹਰਾਈ। ਦੱਖਣੀ ਕੋਰੀਆ ਆਪਣੀ ਤਕਨੀਕ ਨਾਲ ਪੁਲਾੜ ਵਿੱਚ ਸੈਟੇਲਾਈਟ ਭੇਜਣ ਵਾਲਾ ਦੁਨੀਆਂ ਦਾ 10ਵਾਂ ਦੇਸ਼ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਵੱਲੋਂ ਨੂਰੀ ਰਾਕੇਟ ਲਾਂਚ ਕਰਨ ਦੀ ਇਹ ਦੂਜੀ ਕੋਸ਼ਿਸ਼ ਸੀ। ਪਿਛਲੇ ਸਾਲ ਅਕਤੂਬਰ ਵਿੱਚ ਪਹਿਲੀ ਕੋਸ਼ਿਸ਼ ਦੌਰਾਨ ਰਾਕੇਟ ਦਾ ‘ਡਮੀ ਪੇਅਲੋਡ’ ਆਪਣੀ ਲੋੜੀਂਦੀ ਉਚਾਈ ’ਤੇ ਪਹੁੰਚ ਗਿਆ ਸੀ ਪਰ ਤੀਜੇ ਪੜਾਅ ਵਿੱਚ ਇੰਜਣ ਸੜਨ ਕਾਰਨ ਇਹ ਪੁਲਾੜ ਵਿੱਚ ਦਾਖਲ ਨਹੀਂ ਹੋ ਸਕਿਆ ਸੀ। -ਏਪੀ