ਸਿਓਲ, 5 ਜਨਵਰੀ
ਇਰਾਨੀ ਰੈਵੋਲਿਊਸ਼ਨਰੀ ਗਾਰਡ ਦੇ ਸੈਨਿਕ ਇਕ ਦੱਖਣੀ ਕੋਰਿਆਈ ਟੈਂਕਰ ’ਤੇ ਅੱਜ ਜਬਰੀ ਚੜ੍ਹ ਗਏ ਤੇ ਜਹਾਜ਼ ਦਾ ਮਾਰਗ ਬਦਲਣ ਲਈ ਮਜਬੂਰ ਕਰ ਕੇ ਇਸ ਨੂੰ ਇਰਾਨ ਵੱਲ ਲੈ ਗਏ। ਦੱਸਣਯੋਗ ਹੈ ਕਿ ਪ੍ਰਮਾਣੂ ਪ੍ਰੋਗਰਾਮ ’ਤੇ ਇਰਾਨ ਅਤੇ ਪੱਛਮੀ ਜਗਤ ਵਿਚਾਲੇ ਖਿੱਚੋਤਾਣ ਬਣੀ ਹੋਈ ਹੈ। ਇਰਾਨ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਫਾਰਸ ਦੀ ਖਾੜੀ ਤੇ ਹਰਮੁਜ ਸਮੁੰਦਰੀ ਖੰਡ ਦੇ ਖੇਤਰ ਵਿਚ ਪ੍ਰਦੂਸ਼ਣ ਫੈਲਾਉਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਹੈ। ਹਾਲਾਂਕਿ ਇਸ ਕਾਰਵਾਈ ਤੋਂ ਅਜਿਹਾ ਲੱਗ ਰਿਹਾ ਹੈ ਕਿ ਇਰਾਨ ਨੇ ਵਧਦੇ ਅਮਰੀਕੀ ਦਬਾਅ ਦਰਮਿਆਨ ਦੱਖਣੀ ਕੋਰਿਆਈ ਬੈਂਕਾਂ ਵਿਚ ਜ਼ਬਤ ਕੀਤੀ ਗਈ ਅਰਬਾਂ ਡਾਲਰ ਦੀ ਇਰਾਨੀ ਸੰਪਤੀ ’ਤੇ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਸਿਓਲ ’ਤੇ ਦਬਾਅ ਬਣਾਉਣ ਲਈ ਇਹ ਕਦਮ ਚੁੱਕਿਆ ਹੈ।
-ਏਪੀ