ਮਾਸਕੋ: ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਆਪਣੇ ਮਿਸ਼ਨ ਤੋਂ ਬਾਅਦ ਦੋ ਮਹਿਲਾਵਾਂ ਅਤੇ ਇਕ ਪੁਰਸ਼ ਯਾਤਰੀ ਰੂਸੀ ਪੁਲਾੜ ਕੈਪਸੂਲ ਰਾਹੀਂ ਸ਼ਨਿਚਰਵਾਰ ਨੂੰ ਕਜ਼ਾਖ਼ਸਤਾਨ ਪਹੁੰਚ ਗਏ। ਸੋਯੁਜ਼ ਐੱਮਐੱਮਸ-24 ਕੈਪਸੂਲ ਵਿੱਚ ਰੂਸੀ ਪੁਲਾੜ ਯਾਤਰੀ ਓਲੇਗ ਨੋਵਿਤਸਕੀ, ਨਾਸਾ ਦੀ ਲੋਰਲ ਓ’ਹਾਰਾ ਅਤੇ ਬੇਲਾਰੂਸ ਦੀ ਮਾਰਿਨਾ ਵਾਸਿਲੀਵਸਕਾਇਆ ਸਵਾਰ ਸਨ ਜੋ ਕਿ ਕਜ਼ਾਖ਼ਸਤਾਨ ਦੇ ਸਮੇਂ ਮੁਤਾਬਕ ਦੁਪਹਿਰ 12.17 ਵਜੇ ਜ਼ੈਜ਼ਕਾਜ਼ਗਾਨ ਸ਼ਹਿਰ ਵਿੱਚ ਉਤਰਿਆ। ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਅਜੇ ਵੀ ਨਾਸਾ ਦੇ ਪੁਲਾੜ ਯਾਤਰੀ ਮਾਈਕਲ ਬੈਰੇਟ, ਮੈਥਿਊ ਡੌਮਿਨਿਕ, ਟਰੇਸੀ ਡਾਇਸਨ, ਜੀਨੈਟ ਐਪਸ ਅਤੇ ਰੂਸੀ ਪੁਲਾੜ ਯਾਤਰੀ ਨਿਕੋਲਾਈ ਚੁਬ, ਅਲੈਗਜ਼ੈਂਡਰ ਗ੍ਰੈਬੇਨਕਿਨ ਅਤੇ ਓਲੇਗ ਕੋਨੋਨੈਂਕੋ ਮੌਜੂਦ ਹਨ। ਨਾਸਾ ਨੇ ਕਿਹਾ ਕਿ ਓ’ਹਾਰਾ 15 ਸਤੰਬਰ 2023 ਨੂੰ ਕੌਮਾਂਤਰੀ ਸਟੇਸ਼ਨ ’ਤੇ ਪਹੁੰਚੀ ਸੀ ਅਤੇ ਉਨ੍ਹਾਂ ਨੇ ਉੱਥੇ ਕੁੱਲ 204 ਦਿਨ ਬਿਤਾਏ। ਨੋਵਿਤਸਕੀ ਅਤੇ ਵਾਸਿਲੀਵਸਕਾਇਆ ਸ਼ੁਰੂਆਤੀ ਯੋਜਨਾ ਤੋਂ ਦੋ ਦਿਨਾਂ ਬਾਅਦ 23 ਮਾਰਚ ਨੂੰ ਪੁਲਾੜ ਲਈ ਰਵਾਨਾ ਹੋਏ ਸਨ। -ਏਪੀ