ਕਾਠਮੰਡੂ, 5 ਸਤੰਬਰ
ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਅੱਜ ਇੱਥੇ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੂੰ ਨੇਪਾਲੀ ਸੈਨਾ ਦੇ ਆਨਰੇਰੀ ਜਨਰਲ ਦੀ ਉਪਾਧੀ ਨਾਲ ਸਨਮਾਨਿਆ। ਰਾਸ਼ਟਰਪਤੀ ਦੀ ਕਾਠਮੰਡੂ ਸਥਿਤ ਸਰਕਾਰੀ ਰਿਹਾਇਸ਼ ਸ਼ੀਤਲ ਨਿਵਾਸ ’ਤੇ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਜਨਰਲ ਮਨੋਜ ਪਾਂਡੇ ਨੂੰ ਤਲਵਾਰ ਅਤੇ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਿਆ ਗਿਆ। ਕਾਠਮੰਡੂ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਦੋਵਾਂ ਦੇਸ਼ਾਂ ਦੇ ਸੈਨਾ ਮੁਖੀਆਂ ਦੇ ਸਨਮਾਨ ਦੀ ਇਹ ਰਵਾਇਤ ਸੱਤ ਦਹਾਕਿਆਂ ਤੋਂ ਚਲੀ ਆ ਰਹੀ ਹੈ। ਸਾਲ 1950 ਵਿੱਚ ਸ਼ੁਰੂ ਕੀਤੀ ਗਈ ਇਸ ਰਵਾਇਤ ਦੌਰਾਨ ਸਨਮਾਨੇ ਜਾਣ ਵਾਲੇ ਪਹਿਲੀ ਭਾਰਤੀ ਥਲ ਸੈਨਾ ਦੇ ਮੁਖੀ ਕਮਾਂਡਰ-ਇਨ-ਚੀਫ ਜਨਰਲ ਕੇਐੱਮ ਕਰਿਅੱਪਾ ਸਨ।’’ ਪਿਛਲੇ ਸਾਲ ਨਵੰਬਰ ਮਹੀਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਵੀਂ ਦਿੱਲੀ ਵਿੱਚ ਨੇਪਾਲੀ ਥਲ ਸੈਨਾ ਮੁਖੀ ਜਨਰਲ ਪ੍ਰਭੂ ਰਾਮ ਸ਼ਰਮਾ ਦਾ ਵੀ ਆਨਰੇਰੀ ਜਨਰਲ ਆਫ਼ ਭਾਰਤੀ ਸੈਨਾ ਨਾਲ ਸਨਮਾਨ ਕੀਤਾ ਸੀ। ਇਸ ਤੋਂ ਪਹਿਲਾਂ ਜਨਰਲ ਮਨੋਜ ਪਾਂਡੇ ਨੇ ਅੱਜ ਆਪਣੇ ਨੇਪਾਲੀ ਹਮਰੁਤਬਾ ਜਨਰਲ ਪ੍ਰਭੂ ਰਾਮ ਸ਼ਰਮਾ ਨਾਲ ਇੱਥੇ ਆਰਮੀ ਹੈੱਡਕੁਆਰਟਰ ’ਤੇ ਮੁਲਾਕਾਤ ਕੀਤੀ। ਥਲ ਸੈਨਾ ਦੇ ਮੁਖੀ ਨੇ ਅੱਜ ਆਰਮੀ ਹੈੱਡਕੁਆਰਟਰ ’ਤੇ ਗਾਰਡ ਆਫ ਆਨਰ ਪ੍ਰਾਪਤ ਕੀਤਾ। ਨੇਪਾਲ ਦੀ ਸੈਨਾ ਨੇ ਇੱਕ ਟਵੀਟ ਕਰਦਿਆਂ ਕਿਹਾ, ‘‘ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਨੇਪਾਲੀ ਥਲ ਸੈਨਾ ਦੇ ਮੁਖੀ ਜਨਰਲ ਪ੍ਰਭੂ ਰਾਮ ਸ਼ਰਮਾ ਨੂੰ ਵੱਖ ਵੱਖ ਗੈਰ-ਘਾਤਕ ਫ਼ੌਜੀ ਵਸਤਾਂ ਸੌਂਪੀਆਂ। ਉਨ੍ਹਾਂ ਆਰਮੀ ਪੈਵੇਲੀਅਨ ਵਿੱਚ ਸ਼ਹੀਦਾਂ ਦੇ ਸਮਾਰਕ ’ਤੇ ਫੁੱਲ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।’’ ਜਨਰਲ ਮਨੋਜ ਪਾਂਡੇ ਨੇ ਭਾਰਤ ਸਰਕਾਰ ਤਰਫ਼ੋਂ ਨੇਪਾਲੀ ਸੈਨਾ ਨੂੰ ਹਲਕੇ ਵਾਹਨਾਂ ਸਮੇਤ ਹੋਰ ਸਾਜ਼ੋ-ਸਾਮਾਨ ਸੌਂਪਿਆ। ਜਨਰਲ ਮਨੋਜ ਪਾਂਡੇ ਬੀਤੀ ਦੇਰ ਰਾਤ ਪੰਜ ਦਿਨਾਂ ਦੌਰੇ ਲਈ ਨੇਪਾਲ ਪੁੱਜੇ ਸਨ। -ਪੀਟੀਆਈ