ਕੋਲੰਬੋ, 6 ਸਤੰਬਰ
ਸ੍ਰੀਲੰਕਾ ਦੇ ਪੂਰਬੀ ਤੱਟ ’ਚ ਤੇਲ ਦੇ ਇੱਕ ਟੈਂਕਰ ਨੂੰ ਲੱਗੀ ਅੱਗ ਬੁਝਾਉਣ ਦੇ ਯਤਨਾਂ ’ਚ ਹੁਣ ਸਿੰਗਾਪੁਰ ਦੀ ਇੱਕ ਕੰਪਨੀ ਦੇ ਮਾਹਿਰ ਵੀ ਸ਼ਾਮਲ ਹੋ ਗਏ ਹਨ। ਬੀਤੇ ਦਿਨ ਭਾਰਤ ਦੀ ਮਦਦ ਨਾਲ ਇਸ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਸ੍ਰੀਲੰਕਾ ਦੀ ਜਲ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਟੈਂਕਰ ਦੇ ਕਾਰੋਬਾਰੀ ਮਾਲਕਾਂ ਨੇ ਸਿੰਗਾਪੁਰ ਦੀ ਇੱਕ ਕੌਮਾਂਤਰੀ ਪੱਧਰ ਦੀ ਕੰਪਨੀ ਦੇ ਮਾਹਿਰਾਂਂ ਨੂੰ ਨਿਯੁਕਤ ਕੀਤਾ ਹੈ। ਕੱਚੇ ਤੇਲ ਦੇ ਟੈਂਕਰਾਂ ਨੂੰ ਖਿੱਚਣ ਦੇ ਸਮਰੱਥ ਦੋ ਵੱਡੇ ਟੱਗਬੋਟ ਵੀ ਸਿੰਗਾਪੁਰ ਤੇ ਮੌਰੀਸ਼ਸ ਤੋਂ ਇਨ੍ਹਾਂ ਯਤਨਾਂ ’ਚ ਸ਼ਾਮਲ ਹੋਣ ਲਈ ਚੱਲ ਪਏ ਹਨ। ਐੱਮਟੀ ਨਿਊ ਡਾਇਮੰਡ ਨਾਮੀਂ ਇਹ ਤੇਲ ਟੈਂਕਰ ਪਨਾਮਾ ਵਿੱਚ ਰਜਿਸਟਰਡ ਹੈ।
ਇਸ ਜਹਾਜ਼ ’ਚ 270,000 ਮੀਟਰਿਕ ਟਨ ਕੱਚਾ ਤੇਲ ਕੁਵੈਤ ਤੋਂ ਭਾਰਤ ਲਿਜਾਇਆ ਜਾ ਰਿਹਾ ਸੀ। ਸ੍ਰੀਲੰਕਾ ਦੀ ਜਲ ਸੈਨਾ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਸੀ ਕਿ ਜਹਾਜ਼ ਦੇ ਇੰਜਣ ਕਮਰੇ ’ਚ ਹੋਏ ਧਮਾਕੇ ਕਾਰਨ ਫਿਲਪੀਨ ਦੇ ਇੱਕ ਨਾਵਿਕ ਦੀ ਮੌਤ ਹੋ ਗਈ ਸੀ। ਟੈਂਕਰ ’ਚ ਲੱਗੀ ਅੱਗ ਬੁਝਾਉਣ ਲਈ ਭਾਰਤ ਵੱਲੋਂ ਸ੍ਰੀਲੰਕਾ ਦੀ ਜਲ ਸੈਨਾ ਦੀ ਮਦਦ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਯੂਕੇ ਅਤੇ ਨੀਦਰਲੈਂਡ ਤੋਂ 10 ਹੋਰ ਮਾਹਿਰ ਅੱਜ ਇੱਥੇ ਪੁੱਜ ਜਾਣਗੇ ਜੋ ਬਚਾਅ ਕਾਰਜਾਂ ’ਚ ਮਦਦ ਕਰਨਗੇ। ਇਹ ਘਟਨਾ ਵਾਪਰਨ ਤੋਂ ਬਾਅਦ ਪਹਿਲੀ ਵਾਰ ਇਸ ਜਹਾਜ਼ ਦੇ ਮੈਂਬਰਾਂ ’ਚੋਂ ਬਚਾਏ ਗਏ 20 ਮੈਂਬਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਫੋਨ ਰਾਹੀਂ ਗੱਲਬਾਤ ਕਰਨਗੇ।
-ਪੀਟੀਆਈ