ਕੋਲੰਬੋ, 1 ਸਤੰਬਰ
ਸ੍ਰੀਲੰਕਾ ਦੇ ਖੇਤੀਬਾੜੀ ਮੰਤਰੀ ਮਹਿੰਦਾ ਅਮਰਵੀਰਾ ਨੇ ਅੱਜ ਸੰਸਦ ਨੂੰ ਦੱਸਿਆ ਕਿ ਪਿਛਲੀ ਸਰਕਾਰ ਦੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਹਿੱਤ ਰਸਾਇਣਕ ਖਾਦਾਂ ਦੀ ਦਰਾਮਦ ’ਤੇ ਪਾਬੰਦੀ ਲਗਾਉਣ ਦੇ ਗਲਤ ਫ਼ੈਸਲੇ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਦੇਸ਼ ਨੂੰ ਲਗਭਗ 600,000 ਮੀਟਰਕ ਟਨ ਘਟੀਆ ਚੌਲ ਦਰਾਮਦ ਕਰਨੇ ਪਏ। ਪਿਛਲੇ ਸਾਲ ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੀ ਸਰਕਾਰ ਨੇ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਸੀ। ਸਰਕਾਰ ਦੇ ਇਸ ਫ਼ੈਸਲੇ ਕਾਰਨ ਖੇਤੀ ਖੇਤਰ ਵਿੱਚ ਫ਼ਸਲਾਂ ਦੀ ਪੈਦਾਵਾਰ 50 ਫ਼ੀਸਦੀ ਤੱਕ ਘਟ ਗਈ, ਜਿਸ ਕਾਰਨ ਅਨਾਜ ਦਾ ਸੰਕਟ ਪੈਦਾ ਹੋ ਗਿਆ। ਦੇਸ਼ ਨੂੰ ਮੰਗ ਦੀ ਪੂੁਰਤੀ ਲਈ ਇੱਕ ਤਿਹਾਈ ਚੌਲ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੇ ਪਏ। ਡੇਲੀ ਮਿਰਰ ਅਖ਼ਬਾਰ ਨੇ ਅਮਰਵੀਰਾ ਦੇ ਹਵਾਲੇ ਨਾਲ ਦੱਸਿਆ, ‘‘ਸਿਰਫ਼ ਇਸ ਲਈ ਕਿਉਂਕਿ ਅਸੀਂ ਕੁੱਝ ਧਿਰਾਂ ਦੀ ਸਲਾਹ ’ਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਸੀ, ਇਸ ਲਈ ਸਾਨੂੰ ਝੋਨੇ ਦੀ ਫ਼ਸਲ ਦੇ ਘਟੇ ਝਾੜ ਦੀ ਪੂਰਤੀ ਲਈ ਦੂਜੇ ਦੇਸ਼ਾਂ ਤੋਂ ਘਟੀਆ ਅਤੇ ਨੁਕਸਾਨਦੇਹ ਚੌਲ ਦਰਾਮਦ ਕਰਨੇ ਪਏ।’’ -ਪੀਟੀਆਈ
ਆਈਐਮਐਫ ਸ੍ਰੀਲੰਕਾ ਨੂੰ 2.9 ਅਰਬ ਡਾਲਰ ਦਾ ਕਰਜ਼ਾ ਦੇਣ ਲਈ ਤਿਆਰ
ਕੋਲੰਬੋ: ਕੌਮਾਂਤਰੀ ਮੁਦਰਾ ਕੋਸ਼ (ਆਈਐਮਐਫ) ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਨੂੰ ਸ਼ੁਰੂਆਤੀ ਸਮਝੌਤੇ ਤਹਿਤ 2.9 ਅਰਬ ਡਾਲਰ ਦਾ ਕਰਜ਼ ਦੇਣ ਲਈ ਰਾਜ਼ੀ ਹੋ ਗਿਆ ਹੈ। ਆਈਐਮਐਫ ਨੇ ਅੱਜ ਇਹ ਜਾਣਕਾਰੀ ਦਿੱਤੀ। ਆਈਐਮਐਫ ਨੇ ਇਕ ਬਿਆਨ ਵਿੱਚ ਕਿਹਾ, ‘‘ਆਈਐਮਐਫ ਅਤੇ ਸ੍ਰੀਲੰਕਾ ਦੇ ਅਧਿਕਾਰੀ ਸੰਕਟ ਵਿੱਚ ਘਿਰੇ ਮੁਲਕ ਦੀਆਂ ਆਰਥਿਕ ਨੀਤੀਆਂ ਨੂੰ ਹੁਲਾਰਾ ਦੇਣ ਲਈ ਸਮਝੌਤੇ ਲਈ ਸਹਿਮਤ ਹੋਏ ਹਨ। ਇਸ ਵਿਵਸਥਾ ਨਾਲ ਵਿਸਥਾਰਤ ਫੰਡ ਸਹੂਲਤ (ਈਐਫਐਫ) ਵਿਚ 48 ਮਹੀਨਿਆਂ ਦੌਰਾਨ 2.9 ਅਰਬ ਡਾਲਕ ਦਿੱਤੇ ਜਾਣਗੇ।’’ ਇਸ ਵਿੱਚ ਕਿਹਾ ਗਿਆ ਹੈ ਕਿ ਇਸ ਮਦਦ ਦਾ ਉਦੇਸ਼ ਸ੍ਰੀਲੰਕਾ ਵਿੱਚ ਵਿਆਪਕ ਆਰਥਿਕ ਸਥਿਰਤਾ, ਕਰਜ਼ ਸਥਿਰਤਾ ਅਤੇ ਇਸ ਦੇ ਨਾਲ ਨਾਲ ਵਿੱਤੀ ਸਥਿਰਤਾ ਕਾਇਮ ਰੱਖਣਾ ਹੈ। ਮਾਲੀ ਮਦਦ ਦੇਣ ਤੋਂ ਪਹਿਲਾਂ ਆਈਐਮਐਫ ਨੇ ਸ੍ਰੀਲੰਕਾ ਨੂੰ ਕਈ ਸੁਧਾਰਵਾਦੀ ਕਦਮ ਚੁੱਕਣ ਲਈ ਕਿਹਾ ਸੀ। -ਏਜੰਸੀ