ਕੋਲੰਬੋ, 19 ਜੂਨ
ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਅੱਜ ਕਿਹਾ ਕਿ ਸ੍ਰੀਲੰਕਾ ਨੂੰ ਆਪਣੇ ਵੱਡੇ ਪੱਧਰ ’ਤੇ ਉਦਯੋਗਿਕ ਵਿਕਾਸ ਦਾ ਲਾਹਾ ਲੈਣ ਲਈ ਗੁਆਂਢੀ ਮੁਲਕ ਭਾਰਤ ਨਾਲ ਜੁੜਨ ਦੀ ਲੋੜ ਹੈ। ਉਹ ਇੱਥੇ ਉਦਯੋਗ-2024 ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਵਿਕਰਮਸਿੰਘੇ ਨੇ ਕਿਹਾ, “ਸਾਡਾ ਗੁਆਂਢੀ ਭਾਰਤ ਵੱਡੇ ਪੱਧਰ ’ਤੇ ਉਦਯੋਗਿਕ ਵਿਕਾਸ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਤਾਮਿਲਨਾਡੂ, ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਇਸ ਦਾ ਅਨੁਭਵ ਲੈ ਰਹੇ ਹਨ। ਸਾਨੂੰ ਵੀ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।” ਰਾਸ਼ਟਰਪਤੀ ਨੇ ਕਿਹਾ ਕਿ ਉਮੀਦ ਹੈ ਕਿ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ, ਜੋ ਵੀਰਵਾਰ ਨੂੰ ਇੱਥੇ ਪਹੁੰਚ ਰਹੇ ਹਨ, ਨਾਲ ਉਨ੍ਹਾਂ ਦੀ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਗੱਲਬਾਤ ਬਾਰੇ ਚਰਚਾ ਹੋਵੇਗੀ। ਵਿੱਤ ਮੰਤਰੀ ਵਿਕਰਮਸਿੰਘੇ ਨੇ ਕਿਹਾ, “ਸੂਰਜੀ ਅਤੇ ਪੌਣ ਊਰਜਾ ਦੀ ਵਰਤੋਂ ਤੇ ਤਰਲ ਹਾਈਡ੍ਰੋਜਨ ਪ੍ਰਾਪਤ ਕਰਨਾ ਅਜਿਹੇ ਖੇਤਰ ਹਨ ਜਿੱਥੇ ਅਸੀਂ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ।” ਉਨ੍ਹਾਂ ਕਿਹਾ ਕਿ ਸ੍ਰੀਲੰਕਾ ਵਿੱਚ ਅਡਾਨੀ ਪ੍ਰਾਜੈਕਟਾਂ ਨੇ ਇਨ੍ਹਾਂ ਯਤਨਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਸ੍ਰੀਲੰਕਾ ਨੇ 2022 ਵਿੱਚ ਦੀਵਾਲੀਆ ਹੋਣ ਦਾ ਐਲਾਨ ਕੀਤਾ ਸੀ। ਨਕਦੀ ਸੰਕਟ ਨਾਲ ਜੂਝ ਰਹੇ ਇਸ ਦੇਸ਼ ਨੇ ਆਪਣੀਆਂ ਆਰਥਿਕ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕਈ ਸਖ਼ਤ ਸੁਧਾਰ ਸ਼ੁਰੂ ਕੀਤੇ ਹਨ। -ਪੀਟੀਆਈ