ਕੋਲੰਬੋ, 15 ਮਈ
ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਅੱਜ ਇਕ ਅਨੋਖਾ ਕਦਮ ਚੁੱਕਦਿਆਂ ਉਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਹਮਾਇਤ ਦੇ ਦਿੱਤੀ ਜੋ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਰੋਸ ਪ੍ਰਗਟ ਕਰ ਰਹੇ ਇਹ ਲੋਕ ਕੋਲੰਬੋ ਵਿਚ ਇਕ ਮਸ਼ਹੂਰ ਬੀਚ ’ਤੇ ਲੰਮੇ ਸਮੇਂ ਤੋਂ ਬੈਠੇ ਹਨ ਤੇ ਮੁਲਕ ਦੇ ਵਿੱਤੀ ਸੰਕਟ ਲਈ ਰਾਸ਼ਟਰਤੀ ਨੂੰ ਜ਼ਿੰਮੇਵਾਰ ਠਹਿਰਾ ਕੇ ਅਸਤੀਫ਼ਾ ਮੰਗ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਕ ਕਮੇਟੀ ਦਾ ਗਠਨ ਕੀਤਾ ਹੈ ਜੋ ‘ਗੋਟਾ ਗੋ ਹੋਮ’ ਮੁਜ਼ਾਹਰਾਕਾਰੀਆਂ ਦੀਆਂ ਮੰਗਾਂ ਨੂੰ ਦੇਖੇਗੀ। ਦੱਸਣਯੋਗ ਹੈ ਕਿ ਵਿਕਰਮਸਿੰਘੇ ਨੂੰ ਰਾਸ਼ਟਰਪਤੀ ਰਾਜਪਕਸੇ ਨੇ ਹੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਗੋਟਾਬਾਯਾ ਨੇ ਆਪਣੇ ਭਰਾ ਤੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਤੋਂ ਅਸਤੀਫ਼ਾ ਮੰਗ ਲਿਆ ਸੀ। ਰਨਿਲ ਨੇ ਕਿਹਾ ਕਿ ਰੋਸ ਧਰਨੇ ’ਤੇ ਬੈਠੇ ਨੌਜਵਾਨ ਮੁਜ਼ਾਹਰਾਕਾਰੀਆਂ ਨੂੰ ਸੁਰੱਖਿਆ ਦਿੱਤੀ ਜਾਵੇਗੀ ਤੇ ਭਵਿੱਖੀ ਰਣਨੀਤੀ ਲਈ ਉਨ੍ਹਾਂ ਦੇ ਵਿਚਾਰ ਸੁਣੇ ਜਾਣਗੇ। ‘ਬੀਬੀਸੀ’ ਨਾਲ ਇਕ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਗੋਟਾ ਗੋ ਹੋਮ’ ਮੁਜ਼ਾਹਰਾ ਮੁਲਕ ਦੇ ਸਿਆਸੀ ਢਾਂਚੇ ਵਿਚ ਬਦਲਾਅ ਲਈ ਚੱਲਦਾ ਰਹਿਣਾ ਚਾਹੀਦਾ ਹੈ, ਮੁਲਕ ਦੇ ਨੌਜਵਾਨਾਂ ਨੂੰ ਅੱਗੇ ਹੋ ਕੇ ਕਮਾਨ ਸੰਭਾਲਣੀ ਚਾਹੀਦੀ ਹੈ। ਯੂਨਾਈਟਿਡ ਨੈਸ਼ਨਲ ਪਾਰਟੀ (ਯੂਐੱਨਪੀ) ਦੇ ਆਗੂ 73 ਸਾਲਾ ਵਿਕਰਮਸਿੰਘੇ ਨੂੰ ਵੀਰਵਾਰ ਸ੍ਰੀਲੰਕਾ ਦਾ 26ਵਾਂ ਪ੍ਰਧਾਨ ਮੰਤਰੀ ਥਾਪਿਆ ਗਿਆ ਸੀ। ਇਸ ਤੋਂ ਪਹਿਲਾਂ ਮਹਿੰਦਾ ਰਾਜਪਕਸੇ ਦੇ ਸਮਰਥਕਾਂ ਤੇ ਸਰਕਾਰ ਦੇ ਵਿਰੋਧੀਆਂ ਵਿਚਾਲੇ ਹਿੰਸਾ ਭੜਕਣ ’ਤੇ ਰਾਜਪਕਸੇ ਨੇ ਪ੍ਰਧਾਨ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਹਿੰਸਾ ਵਿਚ ਕਈ ਮੌਤਾਂ ਹੋਈਆਂ ਸਨ ਤੇ ਸੈਂਕੜੇ ਜ਼ਖ਼ਮੀ ਹੋ ਗਏ ਸਨ। ਸਿਆਸੀ ਸੂਤਰਾਂ ਮੁਤਾਬਕ ਸਰਕਾਰ ਦੀ ਅੰਤ੍ਰਿਮ ਕੈਬਨਿਟ ਵਿਚ ਜਲਦੀ ਦੋ ਹੋਰ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਹਨ। -ਪੀਟੀਆਈ
‘ਐਲਟੀਟੀਈ’ ਦੇ ਹਮਲੇ ਬਾਰੇ ਭਾਰਤੀ ਮੀਡੀਆ ਦੀ ਰਿਪੋਰਟ ਜਾਂਚ ਰਿਹੈ ਸ੍ਰੀਲੰਕਾ
ਸ੍ਰੀਲੰਕਾ ਨੇ ਅੱਜ ਕਿਹਾ ਕਿ ਉਹ ਭਾਰਤੀ ਮੀਡੀਆ ਦੀ ਉਸ ਰਿਪੋਰਟ ਦੀ ਜਾਂਚ ਕਰ ਰਿਹਾ ਹੈ ਜਿਸ ’ਚ ਕਿਹਾ ਗਿਆ ਹੈ ਕਿ ‘ਐਲਟੀਟੀਈ’ 18 ਮਈ ਨੂੰ ਦੇਸ਼ ਵਿਚ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਦੱਸਣਯੋਗ ਹੈ ਕਿ 2009 ਵਿਚ 18 ਮਈ ਨੂੰ ਹੀ ਸ੍ਰੀਲੰਕਾ ਦੀ ਖਾਨਾਜੰਗੀ ਖ਼ਤਮ ਹੋਈ ਸੀ। ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਮੁਤਾਬਕ ਉਹ ‘ਦਿ ਹਿੰਦੂ’ ਅਖ਼ਬਾਰ ਵਿਚ 13 ਮਈ ਨੂੰ ਛਪੀ ਰਿਪੋਰਟ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਇਸ ਰਿਪੋਰਟ ਵਿਚ ਭਾਰਤੀ ਇੰਟੈਲੀਜੈਂਸ ਦਾ ਹਵਾਲਾ ਦਿੱਤਾ ਗਿਆ ਹੈ। ‘ਦਿ ਹਿੰਦੂ’ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਮੁਲਕ ਵਿਚ ਦੋ ਵਾਰ ਐਮਰਜੈਂਸੀ ਲੱਗਣ ਤੇ ਹਿੰਸਾ ਵਿਚਾਲੇ ਹੁਣ ਸ੍ਰੀਲੰਕਾ ਦੇ ਤਾਮਿਲਾਂ ਦੇ ਕੁਝ ਵਰਗ ਜਿਨ੍ਹਾਂ ਦੇ ਤਾਰ ਕੌਮਾਂਤਰੀ ਪੱਧਰ ’ਤੇ ਜੁੜੇ ਹੋਏ ਹਨ, ਆਪਣੀ ਮੌਜੂਦਗੀ ਦਾ ‘ਅਹਿਸਾਸ’ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। -ਪੀਟੀਆਈ