ਕੋਲੰਬੋ, 19 ਅਕਤੂਬਰ
ਸ੍ਰੀਲੰਕਾ ਦੀ ਸੁਪਰੀਮ ਕੋਰਟ ਨੇ 2011 ਵਿੱਚ ਦੋ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਲਾਪਤਾ ਹੋਣ ਦੇ ਕੇਸ ਵਿੱਚ ਅੱਜ ਅਧਿਕਾਰੀਆਂ ਨੂੰ ਗੱਦੀਓਂ ਲਾਹੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੂੰ ਸੰਮਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਨਿਊਜ਼ਵਾਇਰ ਦੀ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਵੱਲੋਂ ਇਹ ਹੁਕਮ ਮਨੁੱਖੀ ਅਧਿਕਾਰ ਅਤੇ ਸਿਆਸੀ ਕਾਰਕੁਨਾਂ ਲਲਿਤ ਵੀਰਾਰਾਜ ਅਤੇ ਕੁਗਨ ਮੁਰੂਗਨਾਥਨ, ਜਿਹੜੇ ਕਿ 9 ਦਸੰਬਰ 2011 ਨੂੰ ਲਾਪਤਾ ਹੋਏ ਸਨ ਦੇ ਰਿਸ਼ਤੇਦਾਰਾਂ ਦੇ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਹਨ। ਉਸ ਸਮੇਂ ਗੋਟਾਬਾਯਾ ਰਾਜਪਕਸੇ ਰੱਖਿਆ ਸਕੱਤਰ ਦੇ ਅਹੁਦੇ ’ਤੇ ਸਨ। ਲਾਪਤਾ ਕਾਰਕੁਨਾਂ ਦੇ ਰਿਸ਼ਤੇਦਾਰਾਂ ਨੇ ਇਹ ਪਟੀਸ਼ਨ ਗੋਟਾਬਾਯਾ ਵੱਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਦਾਇਰ ਕੀਤੀ ਸੀ। ਰਿਪੋਰਟ ਮੁਤਾਬਕ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਅਗਲੀ ਤਰੀਕ 15 ਦਸੰਬਰ ਤੈਅ ਕੀਤੀ ਹੈ। ਦੋ ਵਿਅਕਤੀਆਂ ਦੇ ਲਾਪਤਾ ਹੋਣ ਦੇ ਇਸ ਮਾਮਲੇ ਗੋਟਾਬਾਯਾ ਨੂੰ ਇਸ ਤੋਂ ਪਹਿਲਾਂ ਜਾਫਨਾ ਦੀ ਮੈਜਿਸਟਰੇਟ ਅਦਾਲਤ ਨੇ ਵੀ 27 ਸਤੰਬਰ ਨੂੰ ਤਲਬ ਕਰਦਿਆਂ ਸਬੂਤ ਮੁਹੱਈਆ ਕਰਵਾਉਣ ਲਈ ਆਖਿਆ ਸੀ। ਹਾਲਾਂਕਿ ਗੋਟਾਬਾਯਾ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ।