ਕੋਲੰਬੋ, 1 ਮਈ
ਰਾਜਨੀਤਕ ਸੰਕਟ ’ਚ ਘਿਰੇ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਨੇ ਅੱਜ ਸਾਰੀਆਂ ਸਿਆਸੀ ਧਿਰਾਂ ਨੂੰ ਆਪਣੇ ਵਖ਼ਰੇਵੇਂ ਪਾਸੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਫ਼ਿਕਰਮੰਦ ਨਾਗਰਿਕਾਂ ਨੂੰ ਹੱਥ ਮਿਲਾਉਣ ਦੀ ਅਪੀਲ ਕੀਤੀ ਹੈ ਤਾਂ ਕਿ ‘ਲੋਕ ਪੱਖੀ ਸੰਘਰਸ਼’ ਨੂੰ ਸਹੀ ਰਾਹ ਉਤੇ ਪਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਮੁਲਕ ਵਿਚ ਉਪਜੇ ਆਰਥਿਕ ਸੰਕਟ ਲਈ ਸਰਕਾਰ ਤੋਂ ਤੁਰੰਤ ਅਸਤੀਫ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਮੁਲਕ ਦੇ ਤਾਕਤਵਰ ਬੋਧੀ ਗੁਰੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਗੋਟਬਾਯਾ ਦੇ ਵੱਡੇ ਭਰਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸਾ ਅਸਤੀਫ਼ਾ ਨਹੀਂ ਦਿੰਦੇ ਤਾਂ ਲੋਕ ਸਾਰੇ ਆਗੂਆਂ ਨੂੰ ਨਕਾਰਨ ਲੱਗ ਜਾਣਗੇ। ਕਾਮਿਆਂ ਦੇ ਕੌਮਾਂਤਰੀ ਦਿਹਾੜੇ (ਪਹਿਲੀ ਮਈ) ਮੌਕੇ ਗੋਟਬਾਯਾ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਸਾਰੀਆਂ ਸਿਆਸੀ ਧਿਰਾਂ ਨੂੰ ਮੁੜ ਲੋਕਾਂ ਖਾਤਰ ਸਹਿਮਤੀ ਬਣਾਉਣ ਦਾ ਸੱਦਾ ਦਿੰਦੇ ਹਨ। ‘ਮਈ ਡੇਅ’ ਦੇ ਸੁਨੇਹੇ ਵਿਚ ਗੋਟਬਾਯਾ ਨੇ ਕਿਹਾ ਕਿ ਵਰਤਮਾਨ ਸੰਕਟ ਲਈ ਜ਼ਿੰਮੇਵਾਰੀਆਂ ਤੈਅ ਕਰਨ ਦੀ ਥਾਂ ਪਹਿਲਾਂ ਇਸ ਦੇ ਹੱਲ ਲਈ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਤੁਰੰਤ ਰਾਹਤ ਦਿੱਤੀ ਜਾ ਸਕੇ। ਸ੍ਰੀਲੰਕਾ ਦੀ ਵਿਰੋਧੀ ਧਿਰ ਐੱਸਜੇਬੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਸੇ ਹਫ਼ਤੇ ਸੰਸਦ ਵਿਚ ਬਹੁਮਤ ਸਾਬਿਤ ਕਰੇਗੀ। ਵਿਰੋਧੀ ਧਿਰ ਨੇ ਰਾਜਪਕਸਾ ਪਰਿਵਾਰ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦਾ ਫ਼ੈਸਲਾ ਕੀਤਾ ਸੀ। -ਪੀਟੀਆਈ