* ਖਰਚੇ ਘਟਾਉਣ ਲਈ ਐੱਨਪੀਪੀ ਸਰਕਾਰ ਨੇ ਮੰਤਰੀ ਮੰਡਲ ਛੋਟਾ ਰੱਖਿਆ
ਕੋਲੰਬੋ, 18 ਨਵੰਬਰ
ਸ੍ਰੀਲੰਕਾ ਦੇ ਰਾਸ਼ਟਰਪਤੀ ਅਨੂਰਾ ਕੁਮਾਰ ਦਿਸਨਾਇਕਾ ਨੇ ਸੋਮਵਾਰ ਨੂੰ 21 ਮੈਂਬਰੀ ਕੈਬਨਿਟ ਦਾ ਗਠਨ ਕੀਤਾ ਹੈ। ਮੰਤਰੀਆਂ ਨੂੰ ਅੱਜ ਸਹੁੰ ਚੁਕਾਈ ਗਈ। ਹੁਕਮਰਾਨ ਧਿਰ ਨੈਸ਼ਨਲ ਪੀਪਲਜ਼ ਪਾਵਰ (ਐੱਨਪੀਪੀ) ਖਰਚੇ ਘਟਾਉਣ ਲਈ ਮੰਤਰੀ ਮੰਡਲ ਛੋਟਾ ਰੱਖਣ ਦੀ ਵਕਾਲਤ ਕਰ ਰਹੀ ਹੈ। ਉਂਜ ਸ੍ਰੀਲੰਕਾ ਦੇ ਸੰਵਿਧਾਨ ਮੁਤਾਬਕ 30 ਮੈਂਬਰੀ ਕੈਬਨਿਟ ਦਾ ਗਠਨ ਕੀਤਾ ਜਾ ਸਕਦਾ ਹੈ। ਐੱਨਪੀਪੀ ਦੇ ਸਤੰਬਰ ’ਚ ਰਾਸ਼ਟਰਪਤੀ ਚੋਣ ਜਿੱਤਣ ਮਗਰੋਂ ਸਿਰਫ਼ ਤਿੰਨ ਮੰਤਰੀਆਂ ਨਾਲ ਕੰਮ ਸਾਰਿਆ ਜਾ ਰਿਹਾ ਸੀ। ਦਿਸਨਾਇਕਾ ਨੇ ਵਿੱਤ ਅਤੇ ਰੱਖਿਆ ਮੰਤਰਾਲੇ ਆਪਣੇ ਕੋਲ ਹੀ ਰੱਖੇ ਹਨ। ਉਨ੍ਹਾਂ ਨਵੇਂ ਚੁਣੇ ਗਏ 12 ਸੰਸਦ ਮੈਂਬਰਾਂ ਨੂੰ ਵੀ ਮੰਤਰੀ ਬਣਾਇਆ ਹੈ। ਕੈਬਨਿਟ ’ਚ ਸ਼ਾਮਲ ਨਵੇਂ ਚਿਹਰਿਆਂ ’ਚੋਂ ਪੰਜ ਪ੍ਰੋਫੈਸਰ ਹਨ। ਕੈਬਨਿਟ ’ਚ ਦੋ ਮਹਿਲਾਵਾਂ ਪ੍ਰਧਾਨ ਮੰਤਰੀ ਹਰਿਨੀ ਅਮਰਸੂਰਿਆ ਅਤੇ ਸਰੋਜਾ ਸਾਵਿੱਤਰੀ ਪੌਲਰਾਜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹਲਫ਼ਦਾਰੀ ਸਮਾਗਮ ਦੌਰਾਨ ਮੱਛੀ ਪਾਲਣ ਬਾਰੇ ਮੰਤਰੀ ਰਾਮਲਿੰਗਮ ਚੰਦਰਸ਼ੇਖ਼ਰਨ ਨੇ ਤਾਮਿਲ ’ਚ ਸਹੁੰ ਚੁੱਕੀ ਅਤੇ ਉਹ ਨਵੀਂ ਸਰਕਾਰ ’ਚ ਘੱਟ ਗਿਣਤੀ ਭਾਈਚਾਰੇ ਦੀ ਨੁਮਾਇੰਦਗੀ ਕਰਨਗੇ। ਨਵੀਂ ਸੰਸਦ ਦਾ ਪਹਿਲਾ ਇਜਲਾਸ ਵੀਰਵਾਰ ਤੋਂ ਸ਼ੁਰੂ ਹੋਵੇਗਾ। ਨਵੀਂ ਕੈਬਨਿਟ ਨੂੰ ਸੰਬੋਧਨ ਕਰਦਿਆਂ ਦਿਸਨਾਇਕਾ ਨੇ ਕਿਹਾ ਕਿ ਉਹ ਮਿਲੀ ਤਾਕਤ ਦੀ ਦੁਰਵਰਤੋਂ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੈਂਬਰ ਸੰਸਦ ਅਤੇ ਮੰਤਰੀ ਮੰਡਲ ’ਚ ਨਵੇਂ ਚਿਹਰੇ ਹੋਣ ਦੇ ਬਾਵਜੂਦ ਸਿਆਸਤ ’ਚ ਉਹ ਨਵੇਂ ਨਹੀਂ ਹਨ। ਉਨ੍ਹਾਂ ਕਿਹਾ ਕਿ ਦਹਾਕਿਆਂ ਤੱਕ ਆਗੂਆਂ ਨੇ ਸੱਤਾ ਹਾਸਲ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਹੁਣ ਇਸ ਗੱਲ ਦਾ ਮੁਲਾਂਕਣ ਕੀਤਾ ਜਾਵੇਗਾ ਕਿ ਆਗੂ ਆਪਣੇ ਨਾਅਰਿਆਂ ਪ੍ਰਤੀ ਕਿਵੇਂ ਖਰੇ ਉਤਰਦੇ ਹਨ। -ਪੀਟੀਆਈ