ਕੋਲੰਬੋ, 29 ਅਪਰੈਲ
ਮੁੱਖ ਅੰਸ਼
- ਰਾਸ਼ਟਰਪਤੀ ਦੇ ਭਰਾ ਮਹਿੰਦਾ ਰਾਜਪਕਸਾ ਹਨ ਮੌਜੂਦਾ ਪ੍ਰਧਾਨ ਮੰਤਰੀ
- ਨਵਾਂ ਪ੍ਰਧਾਨ ਮੰਤਰੀ ਤੇ ਸਰਬ-ਪਾਰਟੀ ਮੰਤਰੀ ਮੰਡਲ ਚੁਣਨ ਲਈ ਕੌਂਸਲ ਦਾ ਗਠਨ ਹੋਵੇਗਾ
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਤਜਵੀਜ਼ਸ਼ੁਦਾ ਅੰਤ੍ਰਿਮ ਸਰਕਾਰ ’ਚੋਂ ਆਪਣੇ ਵੱਡੇ ਭਰਾ ਮਹਿੰਦਾ ਰਾਜਪਕਸਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਦਾ ਮੰਤਵ ਮੁਲਕ ਦੇ ਆਰਥਿਕ ਸੰਕਟ ਕਾਰਨ ਬਣੀ ਸਿਆਸੀ ਖੜੋਤ ਨੂੰ ਤੋੜਨਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਨਵਾਂ ਪ੍ਰਧਾਨ ਮੰਤਰੀ ਚੁਣਨ ਲਈ ਇਕ ਕੌਮੀ ਪ੍ਰੀਸ਼ਦ ਦਾ ਗਠਨ ਕੀਤਾ ਜਾਵੇਗਾ। ਇਹੀ ਪ੍ਰੀਸ਼ਦ ਸੰਸਦ ਵਿਚ ਸਾਰੀਆਂ ਪਾਰਟੀਆਂ ਦੀ ਸ਼ਮੂਲੀਅਤ ਵਾਲਾ ਮੰਤਰੀ ਮੰਡਲ ਚੁਣਨ ਲਈ ਵੀ ਕੰਮ ਕਰੇਗੀ। ਸੰਸਦ ਮੈਂਬਰ ਮੈਤਰੀਪਲਾ ਸਿਰੀਸੇਨਾ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਸਹਿਮਤ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰਾਜਪਕਸਾ ਤੋਂ ਪਹਿਲਾਂ ਸਿਰੀਸੇਨਾ ਹੀ ਰਾਸ਼ਟਰਪਤੀ ਸਨ। ਉਹ ਸੱਤਾਧਾਰੀ ਧਿਰ ਦੇ ਹੀ ਸੰਸਦ ਮੈਂਬਰ ਸਨ ਪਰ ਇਸੇ ਮਹੀਨੇ 40 ਹੋਰ ਮੈਂਬਰਾਂ ਨਾਲ ਦਲਬਦਲੀ ਕਰ ਗਏ ਹਨ। ਸ੍ਰੀਲੰਕਾ ਦੀਵਾਲੀਆ ਹੋਣ ਦੇ ਲਗਭਗ ਨੇੜੇ ਪਹੁੰਚ ਗਿਆ ਹੈ ਤੇ ਇਸ ਨੇ ਵਿਦੇਸ਼ੀ ਕਰਜ਼ਿਆਂ ਦੀਆਂ ਕਿਸ਼ਤਾਂ ਦੇਣੀਆਂ ਫ਼ਿਲਹਾਲ ਬੰਦ ਕਰ ਦਿੱਤੀਆਂ ਹਨ। ਸ੍ਰੀਲੰਕਾ ਨੇ ਇਸ ਸਾਲ ਬਾਹਰੋਂ ਲਏ ਕਰਜ਼ੇ ਵਿਚੋਂ 7 ਅਰਬ ਡਾਲਰ ਮੋੜਨੇ ਸਨ। ਸੰਨ 2026 ਤੱਕ ਸ੍ਰੀਲੰਕਾ ਨੇ ਵਿਦੇਸ਼ੀ ਕਰਜ਼ੇ ਦੇ 25 ਅਰਬ ਡਾਲਰ ਅਦਾ ਕਰਨੇ ਹਨ। ਜਦਕਿ ਮੁਲਕ ਕੋਲ ਵਿਦੇਸ਼ੀ ਮੁਦਰਾ ਭੰਡਾਰ ਦੇ ਰੂਪ ਵਿਚ ਸਿਰਫ਼ ਇਕ ਅਰਬ ਡਾਲਰ ਹੀ ਬਚਿਆ ਹੈ। ਵਿਦੇਸ਼ੀ ਕਰੰਸੀ ਦੀ ਘਾਟ ਕਾਰਨ ਮੁਲਕ ਵੱਲੋਂ ਕੀਤੀ ਜਾਂਦੀ ਦਰਾਮਦ ਉਤੇ ਬਹੁਤ ਮਾੜਾ ਅਸਰ ਪਿਆ ਹੈ। -ਏਪੀ