ਕੋਲੰਬੋ, 14 ਅਪਰੈਲ
ਕੁਝ ਪ੍ਰਸਿੱਧ ਸ਼ਖ਼ਸੀਅਤਾਂ ਸਣੇ ਸ੍ਰੀਲੰਕਾਈ ਪ੍ਰਦਰਸ਼ਨਕਾਰੀਆਂ ਵੱਲੋਂ ਅੱਜ ਰਾਸ਼ਟਰਪਤੀ ਦਫ਼ਤਰ ਦੇ ਬਾਹਰ ਦੁੱਧ ਉਬਾਲ ਕੇ ਅਤੇ ਮਠਿਆਈਆਂ ਵੰਡ ਕੇ ਰਵਾਇਤੀ ਸਿਨਹਾਲਾ ਤੇ ਤਾਮਿਲ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ। ਪ੍ਰਦਰਸ਼ਨਕਾਰੀ ਦੇਸ਼ ਵਿੱਚ ਹੁਣ ਤੱਕ ਦੇ ਸਭ ਤੋਂ ਮਾੜੇ ਆਰਥਿਕ ਸੰਕਟ ਨੂੰ ਲੈ ਕੇ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਅਤੇ ਸਰਕਾਰ ਵਿਚਲੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਛੇਵੇਂ ਦਿਨ ਵੀ ਇੱਥੇ ਡਟੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਗੋਟਬਾਯਾ ਦੇ ਦਫ਼ਤਰ ਦਾ ਮੁੱਖ ਗੇਟ ਘੇਰਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਦੇਸ਼ ਦੇ ਆਰਥਿਕ ਹਾਲਾਤ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਵੱਲੋਂ ਕੀਤੀ ਗਈ ਗੱਲਬਾਤ ਦੀ ਪੇਸ਼ਕਸ਼ ਨੂੰ ਖਾਰਜ ਕਰ ਦਿੱਤਾ ਸੀ ਅਤੇ ਰਾਸ਼ਟਰਪਤੀ ਗੋਟਬਾਯਾ ਅਤੇ ਸਰਕਾਰ ਵਿੱਚ ਸ਼ਾਮਲ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ। ਪ੍ਰਦਰਸ਼ਨਕਾਰੀਆਂ ਨੇ ਸਵੇਰੇ 8.41 ਵਜੇ ਨਵੇਂ ਸਾਲ ਦਾ ਸਵਾਗਤ ਕੀਤਾ ਅਤੇ ਫਿਰ 9.07 ਵਜੇ ਸ਼ੁਭ ਮਹੂਰਤ ’ਤੇ ਦੁੱਧ ਉਬਾਲਿਆ। ਇਸ ਮੌਕੇ ਦੁੱਧ ਦਾ ਛਿੜਕਾਅ ਕਰਨਾ ਨਵੇਂ ਸਾਲ ਵਿੱਚ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਉਪਰੰਤ 10.17 ਵਜੇ ਨਵੇਂ ਸਾਲ ਦਾ ਪਹਿਲਾ ਖਾਣਾ ਖਾਧਾ ਗਿਆ। -ਪੀਟੀਆਈ
ਸਰਕਾਰ ਦੇ ਵਿਰੋਧ ਵਜੋਂ ਤਿੰਨ ਦਿਨ ਰੋਸ ਮਾਰਚ ਕਰੇਗੀ ਜੇਵੀਪੀ
ਕੋਲੰਬੋ: ਸ੍ਰੀਲੰਕਾ ਦੀ ਵਿਰੋਧੀ ਪਾਰਟੀ ਜਨਤਾ ਵਿਮੁਕਤੀ ਪੈਰਾਮੁਨਾ (ਜੇਵੀਪੀ) ਰਾਜਪਕਸੇ ਸਰਕਾਰ ਖ਼ਿਲਾਫ਼ ਚੱਲ ਰਹੇ ਵਿਰੋਧ ਦਾ ਸਮਰਥਨ ਕਰਨ ਲਈ ਅਗਲੇ ਹਫ਼ਤੇ ਤਿੰਨ ਦਿਨਾਂ ਲਈ ਇਕ ਵਿਸ਼ਾਲ ਜਨਤਕ ਰੋਸ ਮਾਰਚ ਕਰੇਗੀ। ਪਾਰਟੀ ਨੇ ਸਰਕਾਰ ’ਤੇ ਜਨਤਾ ਦੀ ਮੰਗ ਨੂੰ ਅਣਗੌਲਿਆਂ ਕਰਦੇ ਹੋਏ ‘ਜ਼ਿੱਦੀ’ ਢੰਗ ਨਾਲ ਸੱਤਾ ਵਿੱਚ ਕਾਇਮ ਰਹਿਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਕੋਲੰਬੋ ਪੇਜ ਨਿਊਜ਼ ਪੋਰਟਲ ਦੀਆਂ ਖ਼ਬਰਾਂ ਅਨੁਸਾਰ ਜੇਵੀਪੀ ਦੇ ਜਨਰਲ ਸਕੱਤਰ ਤਿਲਵਿਨ ਸਿਲਵਾ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਇਸ ਸੰਘਰਸ਼ ਨੂੰ ਜਿੱਤ ਵੱਲ ਲੈ ਕੇ ਜਾਣ ਲਈ 17 ਤੋਂ 19 ਅਪਰੈਲ ਤੱਕ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਜਨਤਕ ਮਾਰਚ ਕੀਤਾ ਜਾਵੇਗਾ। -ਪੀਟੀਆਈ