ਕੋਲੰਬੋ, 26 ਅਪਰੈਲ
ਇੱਥੇ ਸ੍ਰੀਲੰਕਾ ਦੇ ਰਾਸ਼ਟਰਪਤੀ ਸਕੱਤਰੇਤ ਦੇ ਬਾਹਰ ਡੇਰੇ ਲਾਈਂ ਬੈਠੇ ਪ੍ਰਦਰਸ਼ਨਕਾਰੀਆਂ ਨੇ ਆਪਣਾ ਸੰਘਰਸ਼ ਤੇਜ਼ ਕਰਦਿਆਂ ਹੁਣ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਦੇ ਦਫ਼ਤਰ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਦਰਸ਼ਕਾਰੀਆਂ ਨੇ ਰਾਜਪਕਸੇ ਪਰਿਵਾਰ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੀ ਮੰਗ ਤੇਜ਼ ਕਰ ਦਿੱਤੀ ਹੈ। ਸ੍ਰੀਲੰਕਾ ਵਿੱਚ ਸਰਕਾਰ ਕੋਲ ਜ਼ਰੂਰੀ ਦਰਾਮਦ ਲਈ ਧਨ ਖਤਮ ਹੋ ਗਿਆ ਹੈ; ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਈਂਧਣ, ਦਵਾਈਆਂ ਅਤੇ ਬਿਜਲੀ ਸਪਲਾਈ ਵਿੱਚ ਭਾਰੀ ਕਮੀ ਹੈ, ਜਿਸ ਕਾਰਨ ਹਜ਼ਾਰਾਂ ਪ੍ਰਦਰਸ਼ਨਕਾਰੀ 9 ਅਪਰੈਲ ਤੋਂ ਸੜਕਾਂ ’ਤੇ ਹਨ। ਰਾਸ਼ਟਰਪਤੀ ਸਕੱਤਰੇਤ ਦੇ ਬਾਹਰ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਮੰਗਲਵਾਰ ਨੂੰ 18 ਦਿਨ ਹੋ ਗਏ ਹਨ। ਪ੍ਰਦਰਸ਼ਨਕਾਰੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਅਤੇ ਉਨ੍ਹਾਂ ਦੇ 76 ਸਾਲਾ ਵੱਡੇ ਭਰਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਇੱਥੇ ‘ਗੋਟਾ ਗੋ ਹੋਮ ਵਿਲੇਜ’ ਬਣਾਇਆ ਹੋਇਆ ਹੈ। ਸੰਘਰਸ਼ ਨੂੰ ਤੇਜ਼ ਕਰਨ ਲਈ ਪ੍ਰਦਰਸ਼ਨਕਾਰੀਆਂ ਨੇ ਹੁਣ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਦੇ ਦਫ਼ਤਰ-ਕਮ-ਰਿਹਾਇਸ਼ ‘ਟੈਂਪਲ ਟ੍ਰੀਜ਼’ ਨੇੜੇ ਵੀ ‘ਮਹਿੰਦਾ ਗੋ ਹੋਮ ਵਿਲੇਜ’ ਬਣਾ ਲਿਆ ਹੈ। -ਪੀਟੀਆਈ