ਕੋਲੰਬੋ, 13 ਅਪਰੈਲ
ਸ੍ਰੀਲੰਕਾ ਵਿੱਚ ਅਣਕਿਆਸੇ ਆਰਥਿਕ ਸੰਕਟ ਖ਼ਿਲਾਫ਼ ਵਧਦੇ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਅੱਜ ਪ੍ਰਦਰਸ਼ਨਕਾਰੀਆਂ ਨੂੰ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ ਜਿਹੜੇ ਸਰਕਾਰ ਕੋਲੋਂ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਸ਼ਨਿਚਰਵਾਰ ਨੂੰ ਸ਼ੁਰੂ ਹੋਏ ਪ੍ਰਦਰਸ਼ਨ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਏ ਅਤੇ ‘ਭ੍ਰਿਸ਼ਟ ਸਿਆਸੀ ਸੱਭਿਆਚਾਰ’ ਦੇ ਪੂਰਨ ਬਦਲਾਅ ਦੀ ਮੰਗ ਕਰਦੇ ਹੋਏ ਇਨ੍ਹਾਂ ਨੂੰ 24 ਘੰਟੇ ਚਲਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਨੌਜਵਾਨਾਂ ਦਾ ਦਾਅਵਾ ਹੈ ਕਿ ਇਹ ਸੱਭਿਆਚਾਰ ਟਾਪੂ ਮੁਲਕ ਵਿੱਚ 1948 ’ਚ ਬਰਤਾਨੀਆ ਕੋਲੋਂ ਆਜ਼ਾਦੀ ਪ੍ਰਾਪਤ ਕਰਨ ਦੇ ਬਾਅਦ ਤੋਂ ਚੱਲਿਆ ਆ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਇਕ ਬਿਆਨ ਅਨੁਸਾਰ, ਰਾਜਪਕਸੇ ਰਾਸ਼ਟਰਪਤੀ ਗੋਟਬਾਯਾ ਦੇ ਸਕੱਤਰੇਤ ਕੋਲ ਸਥਿਤ ਗਾਲੇ ਫੇਸ ਮੈਦਾਨ ਵਿੱਚ ਡੇਰਾ ਲਗਾਈ ਬੈਠੇ ਪ੍ਰਦਰਸ਼ਨਕਾਰੀ ਨੌਜਵਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਨ। ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੇਕਰ ਪ੍ਰਦਰਸ਼ਨਕਾਰੀ ਗੱਲਬਾਤ ਲਈ ਤਿਆਰ ਹਨ ਤਾਂ ਉਹ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਗੱਲਬਾਤ ਲਈ ਮਿਲਣ ਦਾ ਸੱਦਾ ਭੇਜਣਗੇ। ਪ੍ਰਦਰਸ਼ਨਕਾਰੀ ਨੌਜਵਾਨਾਂ ਦੀ ਮੰਗ ਹੈ ਕਿ ਰਾਸ਼ਟਰਪਤੀ ਗੋਟਬਾਯਾ ਤੇ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰ (ਜਿਹੜੇ ਸਰਕਾਰ ਦਾ ਹਿੱਸਾ ਹਨ) ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਜਦਕਿ ਉਨ੍ਹਾਂ ਦੀ ਕਥਿਤ ਤੌਰ ’ਤੇ ਗ਼ਲਤ ਢੰਗ ਨਾਲ ਬਣਾਈ ਜਾਇਦਾਦ ਜਾਂ ਜੋੜੀ ਹੋਈ ਰਕਮ ਨੂੰ ਕਰਜ਼ਾ ਲਾਹੁਣ ਲਈ ਦੇਸ਼ ’ਚ ਵਾਪਸ ਲਿਆਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮਹਿੰਦਾ ਰਾਸ਼ਟਰਪਤੀ ਗੋਟਬਾਯਾ ਦੇ ਵੱਡੇ ਭਰਾ ਹਨ। ਆਰਥਿਕ ਸੰਕਟ ਵਿਚਾਲੇ ਰਾਸ਼ਟਰਪਤੀ ਵੱਲੋਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬਰਖਾਸਤ ਕੀਤੇ ਜਾਣ ਤੱਕ ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਬੇਸਿਲ ਕੋਲ ਵਿੱਤ ਵਿਭਾਗ ਸੀ। ਸਭ ਤੋਂ ਵੱਡੇ ਭਰਾ ਚਮਲ ਖੇਤੀਬਾੜੀ ਮੰਤਰਾਲੇ ਸੰਭਾਲਦੇ ਹਨ ਤੇ ਇਕ ਹੋਰ ਰਿਸ਼ਤੇਦਾਰ ਨਮਾਲ ਖੇਡ ਮੰਤਰੀ ਹੈ। -ਪੀਟੀਆਈ