ਮਾਸਕੋ, 18 ਫਰਵਰੀ
ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਰੂਸ ਨਾਲ ਭਾਰਤ ਦੀ ਗੂੜ੍ਹੀ ਅਤੇ ਵਿਸ਼ਵਾਸ ਆਧਾਰਿਤ ਭਾਈਵਾਲੀ ਦੇ ਨਿਵੇਕਲੇ ਸੁਭਾਅ ਦਾ ਜ਼ਿਕਰ ਕਰਦਿਆਂ ਸੱਦਾ ਦਿੱਤਾ ਹੈ ਕਿ ਮਜ਼ਬੂਤ ਦੁਵੱਲੇ ਸਹਿਯੋਗ ਤਹਿਤ ਦੋਵੇਂ ਮੁਲਕਾਂ ਦੇ ਵਿਚਾਰਕਾਂ ਅਤੇ ਰਣਨੀਤਕ ਮਾਮਲਿਆਂ ਦਾ ਅਧਿਐਨ ਕਰਨ ਵਾਲਿਆਂ ਨੂੰ ਵੱਡੇ ਪੱਧਰ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਚਾਹੀਦਾ ਹੈ। ਇਸ ਸਾਲ ਦੀ ਆਪਣੀ ਪਹਿਲੇ ਵਿਦੇਸ਼ ਯਾਤਰਾ ’ਤੇ ਮੰਗਲਵਾਰ ਨੂੰ ਮਾਸਕੋ ਪੁੱਜੇ ਸ਼੍ਰਿੰਗਲਾ ਨੇ ਬੁੱਧਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨਾਲ ਮੁਲਾਕਾਤ ਕੀਤੀ ਅਤੇ ਉਪ ਵਿਦੇਸ਼ ਮੰਤਰੀ ਇਗੋਰ ਮੋਰਗੁਲੋਵ ਨਾਲ ਵੱਖ ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਸ਼੍ਰਿੰਗਲਾ ਨੇ ਵੀਰਵਾਰ ਨੂੰ ਰੂਸ ਦੇ ਸਿੱਖਿਆ ਮਾਹਿਰਾਂ ਅਤੇ ਰਣਨੀਤਕ ਅਧਿਐਨਕਰਤਾਵਾਂ ਨਾਲ ਵਿਚਾਰ ਸਾਂਝੇ ਕੀਤੇ। ਰੂਸ ਸਥਿਤ ਭਾਰਤੀ ਦੂਤਘਰ ਨੇ ਟਵੀਟ ਕੀਤਾ ਕਿ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਭਾਰਤ ਅਤੇ ਰੂਸ ਵਿਚਕਾਰ ਭਾਈਵਾਲੀ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਰੂਸੀ ਵਿਦੇਸ਼ ਮੰਤਰੀ ਲਵਰੋਵ ਨਾਲ ਆਪਣੀ ਮੁਲਾਕਾਤ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਦਿੱਤੀਆਂ ਗਈਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਡਿਪਲੋਮੈਟਿਕ ਅਕੈਡਮੀ ਦੇ ਰੰਗਰੂਟਾਂ ਨੂੰ ਆਪਣੇ ਸੰਬੋਧਨ ਦੌਰਾਨ ਵਿਦੇਸ਼ ਸਕੱਤਰ ਨੇ ਬਹੁਧ੍ਰੁਵੀ ਦੁਨੀਆ ਅਤੇ ਏਸ਼ੀਆ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ਤੇ ਰੂਸ ਤੋਂ ਬਿਨਾਂ ਇਹ ਸੰਭਵ ਨਹੀਂ ਹੈ। -ਪੀਟੀਆਈ