ਤਈਪੇਈ, 18 ਸਤੰਬਰ
ਤਾਇਵਾਨ ਵਿਚ ਅੱਜ ਜ਼ਬਰਦਸਤ ਭੂਚਾਲ ਆਉਣ ਕਾਰਨ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਤੇ ਦੋ ਵਿਅਕਤੀ ਅੰਦਰ ਫਸ ਗਏ। ਇਸ ਦੌਰਾਨ ਇਕ ਯਾਤਰੀ ਰੇਲਗੱਡੀ ਦਾ ਕੁਝ ਹਿੱਸਾ ਪੱਟੜੀ ਤੋਂ ਲਹਿ ਗਿਆ। ਭੂਚਾਲ ਕਾਰਨ ਹੁਣ ਤੱਕ ਇੱਕ ਵਿਅਕਤੀ ਦੀ ਮੌਤ ਹੋਣ ਤੇ ਨੌਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਭੂਚਾਲ ਦੇ ਝਟਕੇ ਪੂਰੇ ਤਾਇਵਾਨ ਵਿਚ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 6.8 ਮਾਪੀ ਗਈ ਹੈ। ਵੇਰਵਿਆਂ ਮੁਤਾਬਕ ਸ਼ਨਿਚਰਵਾਰ ਤੋਂ ਭੂਚਾਲ ਦੇ ਝਟਕੇ ਲੱਗ ਰਹੇ ਹਨ ਤੇ ਇਸ ਤੋਂ ਪਹਿਲਾਂ 6.4 ਦੀ ਤੀਬਰਤਾ ਵਾਲਾ ਝਟਕਾ ਵੀ ਲੱਗ ਚੁੱਕਾ ਹੈ। ਜਪਾਨ ਨੇ ਤਾਇਵਾਨ ਨਾਲ ਲੱਗਦੇ ਆਪਣੇ ਕਈ ਟਾਪੂਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਤਾਇਵਾਨ ਦੇ ਮੌਸਮ ਬਿਊਰੋ ਮੁਤਾਬਕ ਜ਼ਿਆਦਾਤਰ ਨੁਕਸਾਨ ਚਿਸ਼ੈਂਗ ਕਸਬੇ ਵਿਚ ਹੋਇਆ ਹੈ। ਇੱਥੋਂ ਨੇੜਲੇ ਯੂਲੀ ਕਸਬੇ ਵਿਚ ਤਿੰਨ ਮੰਜ਼ਿਲਾ ਇਮਾਰਤ ਵੀ ਡਿੱਗੀ ਹੈ। ਇਮਾਰਤ ਦੇ ਮਾਲਕ ਬਜ਼ੁਰਗ ਜੋੜੇ ਨੂੰ ਬਚਾ ਲਿਆ ਗਿਆ। ਇਕ 39 ਸਾਲਾ ਔਰਤ ਤੇ ਉਸ ਦੀ ਪੰਜ ਸਾਲਾ ਧੀ ਮਲਬੇ ਵਿਚ ਫਸੇ ਹੋਏ ਹਨ। ਰਾਹਤ ਕਰਮੀਆਂ ਨੇ ਉਨ੍ਹਾਂ ਨਾਲ ਸੰਪਰਕ ਸਥਾਪਿਤ ਕਰ ਲਿਆ ਸੀ। ਯੂਲੀ ਕਸਬੇ ਦੇ ਦਿਹਾਤੀ ਖੇਤਰ ਵਿਚ ਇਕ ਸੜਕ ’ਤੇ ਪੁਲ਼ ਢਹਿ-ਢੇਰੀ ਹੋ ਗਿਆ। ਪੁਲ਼ ਤੋਂ ਤਿੰਨ ਲੋਕ ਤੇ ਇਕ-ਦੋ ਵਾਹਨ ਹੇਠਾਂ ਡਿੱਗ ਗਏ। ਯੂਲੀ ਕਸਬੇ ਦੀ ਹੀ ਇਕ ਪਹਾੜੀ ਸੈਰਗਾਹ ’ਤੇ 400 ਸੈਲਾਨੀ ਫਸ ਗਏ। ਸਾਲ ਦੇ ਇਨ੍ਹਾਂ ਮਹੀਨਿਆਂ ਦੌਰਾਨ ਉੱਥੇ ਵੱਡੀ ਗਿਣਤੀ ਲੋਕ ਘੁੰਮਣ ਜਾਂਦੇ ਹਨ। ਉੱਥੇ ਬਿਜਲੀ ਸਪਲਾਈ ਕੱਟੀ ਗਈ ਹੈ ਤੇ ਮੋਬਾਈਲ ਸਿਗਨਲ ਕਮਜ਼ੋਰ ਹੈ। ਕਈ ਹੋਰ ਸ਼ਹਿਰਾਂ-ਕਸਬਿਆਂ ਵਿਚ ਇਮਾਰਤਾਂ ਤੇ ਵਾਹਨਾਂ ਦਾ ਨੁਕਸਾਨ ਹੋਇਆ ਹੈ। ਤਈਪੇਈ ਵਿਚ ਵੀ ਝਟਕੇ ਮਹਿਸੂਸ ਕੀਤੇ ਗਏ। -ਏਪੀ