ਗੁਰਚਰਨ ਸਿੰਘ ਕਾਹਲੋਂ
ਸਿਡਨੀ, 14 ਫ਼ਰਵਰੀ
ਇੱਥੇ ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰੇ ਵੱਲ ਵੱਧ ਰਹੀ ਤਿਰੰਗਾ ਰੈਲੀ/ਮਾਰਚ ਨੂੰ ਪੁਲੀਸ ਨੇ ਅੱਜ ਰੋਕ ਲਿਆ, ਜਿਸ ਕਰਕੇ ਦੋ ਫਿਰਕਿਆਂ ’ਚ ਹੋਣ ਵਾਲਾ ਸੰਭਾਵੀ ਟਕਰਾਅ ਟਲ ਗਿਆ। ਉਂਜ ਗੁਰਦੁਆਰੇ ਵੱਲ ਮਾਰਚ ਦੀ ਕਨਸੋਅ ਨੂੰ ਲੈ ਕੇ ਵੱਡੀ ਗਿਣਤੀ ਸ਼ਰਧਾਲੂ ਪਹਿਲਾਂ ਹੀ ਜੁੜ ਗਏ ਸਨ। ਐਤਵਾਰ ਦੀ ਛੁੱਟੀ ਕਰਕੇ ਕੁਝ ਲੋਕ ਪਹਿਲਾਂ ਤੋਂ ਹੀ ਗੁਰਦੁਆਰੇ ’ਚ ਮੌਜੂਦ ਸਨ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਹੀ ਸਿਡਨੀ ਵਿੱਚ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਫ਼ਿਰਕੇ ਦੇ ਨੌਜਵਾਨ ਗੁਰਸਿੱਖੀ ਦੇ ਕਕਾਰਾਂ ਵਾਲੇ ਪਟਕੇ ਨੂੰ ਪੈਰਾਂ ਹੇਠ ਮਧੋਲ ਕੇ ਇਸ ਦੀ ਬੇਅਦਬੀ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਭਾਰਤ ਦੇ ਕੌਮੀ ਤਿਰੰਗੇ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿੱਚ ਕੁਝ ਵਿਅਕਤੀਆਂ ਨੇ ਹੈਰਿਸ ਪਾਰਕ ਵਿੱਚ ਅੱਜ ਬਾਅਦ ਦੁਪਹਿਰ ਰੈਲੀ ਕੀਤੀ। ਉਨ੍ਹਾਂ ਦੇ ਹੱਥਾਂ ਵਿੱਚ ਅਤੇ ਕਾਰਾਂ ਉੱਤੇ ਕੌਮੀ ਝੰਡੇ ਸਨ। ਇਸ ਦੌਰਾਨ ਕੁਝ ਲੋਕਾਂ ਦੀਆਂ ਕਾਰਾਂ ਦੇ ਸ਼ੀਸ਼ੇ ਟੁੱਟੇ ਅਤੇ ਭਗਦੜ ਵੀ ਮੱਚੀ। ਹਾਲਾਂਕਿ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਹਾਲਾਤ ਵਿਗੜਨ ਤੋਂ ਬਚਾ ਲਏ। ਇੱਥੇ ਹੀ ਦਰਜਨ ਤੋਂ ਵੱਧ ਕਾਰਾਂ ਦਾ ਕਾਫ਼ਲਾ ਗੁਰਦੁਆਰਾ ਗਲੈੱਨਵੁੱਡ ਪਾਰਕਲੀ ਸਾਹਿਬ ਵੱਲ ਤੁਰ ਪਿਆ। ਪੁਲੀਸ ਨੇ ਕਾਰਾਂ ਦੇ ਇਸ ਕਾਫ਼ਲੇ ਨੂੰ ਬੜੀ ਮੁਸਤੈਦੀ ਨਾਲ ਸਨੀ ਹਲ਼ਟ ਰੋਡ, ਜਿਸ ਦੇ ਨੇੜੇ ਹੀ ਗੁਰਦੁਆਰਾ ਸਾਹਿਬ ਹੈ, ਉੱਤੇ ਘੇਰ ਕੇ ਅੱਗੇ ਵਧਣ ਤੋਂ ਰੋਕ ਲਿਆ। ਉਧਰ ਗੁਰਦੁਆਰੇ ਵਿਖੇ ਵੀ ਪੁਲੀਸ ਨੇ ਵੇਲੇ ਸਿਰ ਪੁੱਜ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਹੋਣ ਨੂੰ ਰੋਕ ਲਿਆ। ਉਧਰ ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਗੁਰਦੁਆਰੇ ਦਾ ਨਾਮ ਤੇ ਅਕਸ ਵਿਗਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਥਾਨਕ ਐੱਮਪੀ ਨੂੰ ਮਿਲ ਕੇ ਸਦਭਾਵਨਾ ਤੇ ਭਾਈਚਾਰਕ ਏਕਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ।