ਪੇਈਚਿੰਗ, 5 ਅਗਸਤ
ਮੁੱਖ ਅੰਸ਼
- ਵਾਸ਼ਿੰਗਟਨ ਨਾਲ ਰੱਖਿਆ, ਵਾਤਾਵਰਨ ਤੇ ਹੋਰ ਮੁੱਦਿਆਂ ’ਤੇ ਗੱਲਬਾਤ ਵੀ ਰੱਦ ਕੀਤੀ
-
ਅਮਰੀਕੀ ਆਗੂ ’ਤੇ ਚੀਨ ਦੀ ਪ੍ਰਭੂਸੱਤਾ ਤੇ ‘ਇਕ ਚੀਨ ਨੀਤੀ’ ਦੀ ਉਲੰਘਣਾ ਦਾ ਦੋਸ਼ ਲਾਇਆ
ਚੀਨ ਨੇ ਤਾਇਵਾਨ ਦਾ ਦੌਰਾ ਕਰਨ ਵਾਲੀ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ (82) ਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਚੀਨ ਨੇ ਵਾਸ਼ਿੰਗਟਨ ਨਾਲ ਰੱਖਿਆ, ਵਾਤਾਵਰਨ ਤੇ ਹੋਰਨਾਂ ਮੁੱਦਿਆਂ ’ਤੇ ਹੋਣ ਵਾਲੀ ਗੱਲਬਾਤ ਵੀ ਰੱਦ ਕਰ ਦਿੱਤੀ। ਪੇਈਚਿੰਗ ਨੇ ਕਿਹਾ ਕਿ ਅਮਰੀਕੀ ਆਗੂ ਨੇ ਚੀਨ ਦੀ ਪ੍ਰਭੂਸੱਤਾ ਤੇ ‘ਇਕ ਚੀਨ ਨੀਤੀ’ ਦੀ ਉਲੰਘਣਾ ਕੀਤੀ ਹੈ। ਚੀਨ ਵੱਲੋਂ ਲਾਈਆਂ ਪਾਬੰਦੀਆਂ ਹਾਲਾਂਕਿ ਪ੍ਰਤੀਕਾਤਮਕ ਹਨ ਤੇ ਇਨ੍ਹਾਂ ਨਾਲ ਪੇਲੋਸੀ ਤੇ ਉਸ ਦੇ ਪਰਿਵਾਰ ਨੂੰ ਕੋਈ ਬਹੁਤਾ ਫ਼ਰਕ ਨਹੀਂ ਪੈਣ ਵਾਲਾ। ਪੇਲੋਸੀ, ਪਿਛਲੇ ਢਾਈ ਦਹਾਕਿਆਂ ਵਿੱਚ ਤਾਇਵਾਨ ਦੀ ਫੇਰੀ ਪਾਉਣ ਵਾਲੀ ਪਹਿਲੀ ਸਿਖਰਲੀ ਅਮਰੀਕੀ ਆਗੂ ਹੈ।
ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਅਮਰੀਕੀ ਆਗੂ ਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਪਾਬੰਦੀ ਲਾਉਣ ਦਾ ਐਲਾਨ ਕਰਦਿਆਂ ਕਿਹਾ, ‘‘ਚੀਨ ਦੇ ਵੱਡੇ ਫ਼ਿਕਰਾਂ ਤੇ ਤਿੱਖੇ ਵਿਰੋਧ ਦੇ ਬਾਵਜੂਦ ਅਮਰੀਕਾ ਦੇ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਚੀਨ ਦੇ ਤਾਇਵਾਨ ਖਿੱਤੇ ਦਾ ਦੌਰਾ ਕੀਤਾ। ਇਹ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਸਿੱਧਾ ਦਖ਼ਲ ਹੈ। ਇਹ ਚੀਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ਕਮਜ਼ੋਰ ਕਰਨ, ਇਕ-ਚੀਨ ਸਿਧਾਂਤ ਨੂੰ ਮਧੋਲਣ ਤੇ ਤਾਇਵਾਨ ਜਲਡਮਰੂ ਖੇਤਰ ਵਿੱਚ ਅਮਨ ਤੇ ਸਥਿਰਤਾ ਲਈ ਵੰਗਾਰਾਂ ਖੜ੍ਹੀਆਂ ਕਰਨ ਵਾਂਗ ਹੈ। ਲਿਹਾਜ਼ਾ ਪੇਲੋਸੀ ਦੇ ਵਿਲੱਖਣ ਭੜਕਾਊ ਵਤੀਰੇ ਦੇ ਜਵਾਬ ਵਿੱਚ ਚੀਨ ਨੇ ਪੇਲੋਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੇ ਢੁੱਕਵੇਂ ਕਾਨੂੰਨਾਂ ਮੁਤਾਬਕ ਪਾਬੰਦੀਆਂ ਲਾਉਣ ਦਾ ਫੈਸਲਾ ਕੀਤਾ ਹੈ।’’ ਇਸ ਤੋਂ ਪਹਿਲਾਂ ਚੀਨ ਨੇ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਸਣੇ ਟਰੰਪ ਪ੍ਰਸ਼ਾਸਨ ਦੇ 28 ਅਧਿਕਾਰੀਆਂ ਖਿਲਾਫ਼ ਵੀ ਪਾਬੰਦੀਆਂ ਲਾਈਆਂ ਸਨ। -ਪੀਟੀਆਈ
ਤਾਇਵਾਨ ਫੇਰੀ ਨੂੰ ਲੈ ਕੇ ਖੜ੍ਹਾ ਕੀਤਾ ਵਿਵਾਦ ‘ਹਾਸੋਹੀਣਾ’: ਪੇਲੋਸੀ
ਟੋਕੀਓ: ਜਾਪਾਨ ਦੀ ਫੇਰੀ ਨਾਲ ਏਸ਼ਿਆਈ ਮੁਲਕਾਂ ਦੇ ਆਪਣੇ ਟੂਰ ਨੂੰ ਸਮੇਟਦਿਆਂ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਕਿ ਚੀਨ ਅਮਰੀਕੀ ਅਧਿਕਾਰੀਆਂ ਨੂੰ ਤਾਇਵਾਨ ਦੀ ਯਾਤਰਾ ਕਰਨ ਤੋਂ ਨਹੀਂ ਰੋਕ ਸਕਦਾ। ਅਮਰੀਕੀ ਆਗੂ ਨੇ ਕਿਹਾ, ‘‘ਉਹ (ਚੀਨ) ਤਾਇਵਾਨ ਨੂੰ ਹੋਰਨਾਂ ਥਾਵਾਂ ’ਤੇ ਜਾਣ ਤੋਂ ਡੱਕ ਸਕਦਾ ਹੈ, ਪਰ ਸਾਡਾ ਰਾਹ ਰੋਕ ਕੇ ਉਹ ਤਾਇਵਾਨ ਨੂੰ ਹੋਰਨਾਂ ਤੋਂ ਵੱਖ ਨਹੀਂ ਕਰ ਸਕਦਾ।’’ ਪੇਲੋਸੀ ਨੇ ਕਿਹਾ ਕਿ ਉਨ੍ਹਾਂ ਦੀ ਤਾਇਵਾਨ ਫੇਰੀ ਨੂੰ ਲੈ ਕੇ ਖੜ੍ਹਾ ਕੀਤਾ ਗਿਆ ਵਿਵਾਦ ‘ਹਾਸੋਹੀਣਾ’ ਹੈ। ਉਨ੍ਹਾਂ ਕਿਹਾ, ‘‘ਮੇਰੀ ਤਾਇਵਾਨ ਫੇਰੀ ਦਾ ਮਕਸਦ ਇਸ ਟਾਪੂਨੁਮਾ ਮੁਲਕ ਦੀ ਮੌਜੂਦਾ ਸਥਿਤੀ ਨੂੰ ਬਦਲਣਾ ਨਹੀਂ, ਬਲਕਿ ਤਾਇਵਾਨ ਜਲਡਮਰੂ ਵਿੱਚ ਅਮਨ ਤੇ ਸਥਿਰਤਾ ਨੂੰ ਕਾਇਮ ਰੱਖਣਾ ਸੀ।’’ ਪੇਲੋਸੀ ਨੇ ਕਿਹਾ ਕਿ ਤਾਇਵਾਨ ਨੇ ਜਮਹੂਰੀਅਤ ਲਈ ਬੜੀ ਮੁਸ਼ਕਲ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਵਪਾਰਕ ਹਿੱਤਾਂ ਦੇ ਚਲਦਿਆਂ ਜੇਕਰ ਅਸੀਂ ਚੀਨ ਵਿੱਚ ਮਨੁੱਖੀ ਹੱਕਾਂ ਬਾਰੇ ਨਾ ਬੋਲੇ ਤਾਂ ਅਸੀਂ ਵਿਸ਼ਵ ਵਿੱਚ ਕਿਤੇ ਵੀ ਮਨੁੱਖੀ ਹੱਕਾਂ ਬਾਰੇ ਬੋਲਣ ਦੇ ਆਪਣੇ ਮੌਲਿਕ ਅਧਿਕਾਰ ਨੂੰ ਗੁਆ ਲਵਾਂਗੇ।’’ -ਏਪੀ