ਤਾਇਪੇ:
ਤਾਇਵਾਨ ਦੇ ਨਵੇਂ ਰਾਸ਼ਟਰਪਤੀ ਲਾਈ ਚਿੰਗ-ਤੇ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਨ ਵਿੱਚ ਕਿਹਾ ਕਿ ਉਹ ਚੀਨ ਨਾਲ ਸ਼ਾਂਤੀ ਚਾਹੁੰਦੇ ਹਨ। ਉਨ੍ਹਾਂ ਚੀਨ ਨੂੰ ਅਪੀਲ ਕੀਤੀ ਕਿ ਉਹ ਸਵੈ-ਸ਼ਾਸਿਤ ਟਾਪੂ ਖ਼ਿਲਾਫ਼ ਫੌਜੀ ਧਮਕੀਆਂ ਦੇਣੀਆਂ ਬੰਦ ਕਰੇ। ਲਾਈ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਚੀਨ (ਤਾਇਵਾਨ ਦੀ) ਹੋਂਦ ਦੀ ਅਸਲੀਅਤ ਦਾ ਸਾਹਮਣਾ ਕਰੇਗਾ, ਤਾਇਵਾਨ ਦੇ ਲੋਕਾਂ ਦੀ ਪਸੰਦ ਦਾ ਸਨਮਾਨ ਕਰੇਗਾ ਅਤੇ ਟਕਰਾਅ ਤੋਂ ਪਹਿਲਾਂ ਗੱਲਬਾਤ ਦੀ ਚੋਣ ਕਰੇਗਾ।’’ ਲਾਈ ਨੇ ਅਹਿਦ ਲਿਆ ਕਿ ਉਹ ‘ਨਾ ਤਾਂ ਪੇਈਚਿੰਗ ਨੂੰ ਭੜਕਾਉਣਗੇ ਅਤੇ ਨਾ ਹੀ ਪਿੱਛੇ ਰਹਿਣਗੇ।’ ਉਨ੍ਹਾਂ ਚੀਨ ਨਾਲ ਸਬੰਧਾਂ ਵਿੱਚ ਸ਼ਾਂਤੀ ਦੀ ਮੰਗ ਕੀਤੀ ਹੈ। ਲਾਈ ਦੀ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਚੀਨ ਤੋਂ ਆਜ਼ਾਦੀ ਨਹੀਂ ਚਾਹੁੰਦੀ ਪਰ ਇਹ ਕਹਿੰਦੀ ਹੈ ਕਿ ਤਾਇਵਾਨ ਪਹਿਲਾਂ ਹੀ ਖੁਦਮੁਖਤਿਆਰ ਮੁਲਕ ਹੈ। ਜ਼ਿਕਰਯੋਗ ਹੈ ਕਿ ਲਾਈ ਨੇ ਇਸ ਸਾਲ ਦੇ ਸ਼ੁਰੂ ਵਿੱਚ ਚੋਣ ਜਿੱਤਣ ਮਗਰੋਂ ਸੋਮਵਾਰ ਨੂੰ ਇੱਕ ਸਮਾਗਮ ਵਿੱਚ ਅਹੁਦੇ ਦੀ ਸਹੁੰ ਚੁੱਕੀ ਹੈ। -ਏਪੀ