ਲੰਡਨ, 18 ਅਕਤੂਬਰ
ਸਵੀਡਨ ਵਿੱਚ ਕੀਤੀ ਗਈ ਖੋਜ ਵਿਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਆਕਸਫੋਰਡ-ਐਸਟਰਾਜ਼ੈਨੇਕਾ ਕੋਵਿਡ-19 ਟੀਕੇ ਦੀ ਪਹਿਲੀ ਡੋਜ਼ ਲੱਗੀ ਤੇ ਬਾਅਦ ਵਿਚ ਐਮਆਰਐਨਏ ਟੀਕਾ ਲਾਇਆ ਗਿਆ, ਉਨ੍ਹਾਂ ਦੇ ਕਰੋਨਾ ਲਾਗ ਨਾਲ ਪ੍ਰਭਾਵਿਤ ਹੋਣ ਦੇ ਘੱਟ ਮਾਮਲੇ ਸਾਹਮਣੇ ਆਏ। ਇਸ ਦੇ ਮੁਕਾਬਲੇ ਐਸਟਰਾਜ਼ੈਨੇਕਾ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਵਿਅਕਤੀ ਲਾਗ ਨਾਲ ਜ਼ਿਆਦਾ ਪ੍ਰਭਾਵਿਤ ਹੋਏ। ਜ਼ਿਕਰਯੋਗ ਹੈ ਕਿ ਪਹਿਲਾਂ 65 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸੁਰੱਖਿਆ ਕਾਰਨਾਂ ਕਰ ਕੇ ਐਸਟਰਾਜ਼ੈਨੇਕਾ ਟੀਕਿਆਂ ਦੀ ਵਰਤੋਂ ’ਤੇ ਰੋਕ ਲਾ ਦਿੱਤੀ ਗਈ ਸੀ। ਸਵੀਡਨ ਵਿੱਚ ਜਿਨ੍ਹਾਂ ਵਿਅਕਤੀਆਂ ਨੇ ਪਹਿਲਾਂ ਐਸਟਰਾਜ਼ੈਨੇਕਾ ਟੀਕੇ ਦੀ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਸੀ, ਉਨ੍ਹਾਂ ਨੂੰ ਐਮਆਰਐਨਏ ਟੀਕੇ ਦੀ ਦੂਜੀ ਡੋਜ਼ ਲਾਉਣ ਦੀ ਸਿਫਾਰਸ਼ ਕੀਤੀ ਗਈ। ਇਥੋਂ ਦੀ ਓਮੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਪੀਟਰ ਨੌਰਡਸਟ੍ਰੋਮ ਨੇ ਦੱਸਿਆ ਕਿ ਉਨ੍ਹਾਂ ਦੀ ਖੋਜ ਦਰਸਾਉਂਦੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਵੱਖ ਵੱਖ ਟੀਕਿਆਂ ਦੀਆਂ ਡੋਜ਼ ਪ੍ਰਾਪਤ ਕੀਤੀਆਂ ਉਨ੍ਹਾਂ ਵਿਚ ਕਰੋਨਾ ਲਾਗ ਨਾਲ ਪ੍ਰਭਾਵਿਤ ਹੋਣ ਦਾ ਜੋਖ਼ਮ ਘੱਟ ਸੀ।