ਬਰਲਿਨ, 14 ਜੂਨ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰਾਂ ਵੱਲੋਂ ਵਾਤਾਵਰਨ ਨੂੰ ਲੈ ਕੇ ਕੋਈ ਕਾਰਵਾਈ ਨਾ ਕਰਨਾ ‘ਖ਼ਤਰਨਾਕ’ ਰੁਝਾਨ ਹੈ। ਗੁਟੇਰੇਜ਼ ਨੇ ਕਿਹਾ ਕਿ ਵਿਗਿਆਨੀ ਤੇ ਸ਼ਹਿਰੀ ਵਾਤਾਵਰਨ ਤਬਦੀਲੀ ਦੇ ਟਾਕਰੇ ਲਈ ਉਪਰਾਲਿਆਂ ਦੀ ਮੰਗ ਕਰ ਰਹੇ ਹਨ ਜਦੋਂਕਿ ਸਰਕਾਰਾਂ ਹਕੀਕੀ ਰੂਪ ਵਿੱਚ ਇਸ ਪਾਸੇ ਕੀ ਕਰ ਰਹੀਆਂ ਹਨ, ਉਸ ਨੂੰ ਲੈ ਕੇ ਇਕ ‘ਵੱਡਾ ਖ਼ਤਰਨਾਕ ਖੱਪਾ’ ਹੈ। ਗੁਟੇਰੇਜ਼ ਨੇ ਕਿਹਾ ਕਿ ਮੌਜੂਦਾ ਦਹਾਕੇ ਵਿੱਚ ਆਲਮੀ ਗਰੀਨਹਾਊਸ ਗੈਸਾਂ ਦੇ ਨਿਕਾਸ ਨੂੰ 45 ਫੀਸਦ ਤੱਕ ਘਟਾਉਣ ਦੀ ਲੋੜ ਹੈ, ਪਰ ਮੌਜੂਦਾ ਸਮੇਂ ਇਨ੍ਹਾਂ ਦੇ 14 ਫੀਸਦ ਤੱਕ ਵਧਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਆਸਟਰੀਆ ’ਚ ਵਾਤਾਵਰਨ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਟੇਰੇਜ਼ ਨੇ ਕਿਹਾ ਕਿ ਯੂਕਰੇਨ ਵਿੱਚ ਰੂਸੀ ਲੜਾਈ ਨਾਲ ਇਸ ਸੰਕਟ ਦੇ ਬਦ ਤੋਂ ਬਦਤਰ ਹੋਣ ਦਾ ਜੋਖ਼ਮ ਵਧ ਗਿਆ ਹੈ ਕਿਉਂਕਿ ਪ੍ਰਮੁੱਖ ਅਰਥਚਾਰਿਆਂ ਨੇ ਰਵਾਇਤੀ ਬਾਲਣ ’ਤੇ ਨਿਰਭਰਤਾ ਦੁੱਗਣੀ ਕਰ ਦਿੱਤੀ ਹੈ। ਰਵਾਇਤੀ ਬਾਲਣ ਆਲਮੀ ਤਪਸ਼ ਲਈ ਸਭ ਤੋਂ ਵੱਧ ਜ਼ਿੰਮੇਵਾਰ ਹਨ। ਗੁਟੇਰੇਜ਼ ਨੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ 2040 ਤੱਕ ਕੋਲੇ ਦੀ ਵਰਤੋਂ ਪੂਰੀ ਤਰ੍ਹਾਂ ਖ਼ਤਮ ਕਰ ਦੇਣ ਤੇ ਪੱਥਰਾਟੀ ਈਂਧਣਾਂ ਦੀ ਥਾਂ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਕਰਨ। -ਏਪੀ