ਕੀਵ, 28 ਫਰਵਰੀ
ਜੰਗ ਦੇ ਮਾਹੌਲ ਵਿਚਾਲੇ ਅੱਜ ਰੂਸ ਤੇ ਯੂਕਰੇਨ ਦੇ ਅਧਿਕਾਰੀਆਂ ਨੇ ਮੁਲਾਕਾਤ ਕਰ ਕੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਪਹਿਲੇ ਗੇੜ ਦੀ ਮੁਲਾਕਾਤ ਤੋਂ ਵੱਡੀਆਂ ਆਸਾਂ ਲਾਈਆਂ ਜਾ ਰਹੀਆਂ ਸਨ ਪਰ ਪੰਜ ਘੰਟੇ ਚੱਲੀ ਇਹ ਗੱਲਬਾਤ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀ। ਗੱਲਬਾਤ ਦੌਰਾਨ ਰੂਸ ਨੇ ਕਈ ਪੱਖਾਂ ਤੋਂ ਜ਼ੋਰਦਾਰ ਵਿਰੋਧ ਦਰਜ ਕੀਤਾ ਹੈ। ਅਗਲੇ ਗੇੜ ਦੀ ਗੱਲਬਾਤ ਹੁਣ ਪੋਲੈਂਡ ਤੇ ਬੇਲਾਰੂਸ ਦੀ ਸਰਹੱਦ ’ਤੇ ਹੋਵੇਗੀ। ਯੂਕਰੇਨੀ ਬਲਾਂ ਨੇ ਹਾਲਾਂਕਿ ਰੂਸੀ ਫ਼ੌਜ ਨੂੰ ਕੁਝ ਹੱਦ ਤੱਕ ਅੱਗੇ ਵਧਣ ਤੋਂ ਰੋਕਿਆ ਹੈ ਤੇ ਪੱਛਮੀ ਤਾਕਤਾਂ ਨੇ ਵੀ ਪਾਬੰਦੀਆਂ ਨਾਲ ਰੂਸ ’ਤੇ ਲਗਾਮ ਕੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਕ੍ਰੈਮਲਿਨ ਨੇ ਮੁੜ ਪਰਮਾਣੂ ਜੰਗ ਦਾ ਜ਼ਿਕਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਜੰਗ ਦੇ ਨਵੀਂ ਉਚਾਈ ਤੱਕ ਪਹੁੰਚਣ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ।
ਰੂਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਹੁਕਮ ਤੋਂ ਬਾਅਦ ਇਸ ਦੀਆਂ ਜ਼ਮੀਨੀ, ਹਵਾਈ ਤੇ ਸਮੁੰਦਰੀ ਪ੍ਰਮਾਣੂ ਤਾਕਤਾਂ ਹਾਈ ਅਲਰਟ ਉੱਤੇ ਹਨ। ਪੂਤਿਨ ਨੇ ਮੁੜ ਅਮਰੀਕਾ ਤੇ ਇਸ ਦੇ ਸਾਥੀਆਂ ਨੂੰ ਨਕਾਰ ਦਿੱਤਾ ਹੈ ਅਤੇ ‘ਝੂਠ ਦੀ ਸਲਤਨਤ’ ਗਰਦਾਨਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਤੁਰੰਤ ਗੋਲੀਬੰਦੀ ਦੀ ਮੰਗ ਕਰਨਗੇ ਅਤੇ ਰੂਸੀ ਫ਼ੌਜਾਂ ਨੂੰ ਮੁਲਕਾਂ ਵਿਚੋਂ ਨਿਕਲਣ ਲਈ ਕਿਹਾ ਜਾਵੇਗਾ। ਗੱਲਬਾਤ ਲਈ ਜਿੱਥੇ ਯੂਕਰੇਨ ਨੇ ਆਪਣੇ ਰੱਖਿਆ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜਿਆ ਹੈ, ਉੱਥੇ ਹੀ ਰੂਸੀ ਵਫ਼ਦ ਦੀ ਅਗਵਾਈ ਸਭਿਆਚਾਰਕ ਮਾਮਲਿਆਂ ਬਾਰੇ ਪੂਤਿਨ ਦਾ ਸਲਾਹਕਾਰ ਕਰ ਰਿਹਾ ਹੈ, ਜੋ ਕਿ ਜੰਗ ਖ਼ਤਮ ਕਰਨ ਦੇ ਪੱਖ ਤੋਂ ਕੋਈ ਮਹੱਤਵ ਨਹੀਂ ਰੱਖਦਾ। ਇਸ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਰੂਸ ਇਸ ਗੱਲਬਾਤ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਿਹਾ ਹੈ। ਇਸੇ ਦੌਰਾਨ ਅਮਰੀਕਾ ਤੇ ਯੂਰੋਪੀਅਨ ਮੁਲਕ ਯੂਕਰੇਨ ਦੀ ਹਥਿਆਰ ਦੇ ਕੇ ਮਦਦ ਕਰ ਰਹੇ ਹਨ। ਹਾਲੇ ਤੁਰੰਤ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪੂਤਿਨ ਗੱਲਬਾਤ ਜਾਂ ਜੰਗ ਤੋਂ ਚਾਹੁੰਦੇ ਕੀ ਹਨ। ਪੱਛਮੀ ਤਾਕਤਾਂ ਇਹੀ ਮੰਨ ਕੇ ਚੱਲ ਰਹੀਆਂ ਹਨ ਕਿ ਉਹ ਯੂਕਰੇਨ ਦੀ ਸਰਕਾਰ ਡੇਗ ਕੇ ਉੱਥੇ ਆਪਣਾ ਰਾਜ ਕਾਇਮ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਕਰ ਕੇ ਉਹ ਠੰਢੀ ਜੰਗ ਦੇ ਵੇਲੇ ਦਾ ਮਾਸਕੋ ਦਾ ਰਸੂਖ਼ ਬਹਾਲ ਕਰਨਾ ਚਾਹੁੰਦੇ ਹਨ। ਰੂਸੀ ਆਗੂ ਨੇ ਦੇਸ਼ ਉਤੇ ਲੱਗ ਰਹੀਆਂ ਪਾਬੰਦੀਆਂ ਨੂੰ ਮੁਲਕ ਦੇ ਪਰਮਾਣੂ ਜੰਗ ਦੇ ਰੁਖ਼ ਨਾਲ ਜੋੜ ਕੇ ਉਭਾਰਿਆ ਹੈ। ਪੂਤਿਨ ਨੇ ਨਾਟੋ ਮੁਲਕਾਂ ਦੀਆਂ ‘ਭੜਕਾਊ ਬਿਆਨਾਂ’ ਦਾ ਹਵਾਲਾ ਵੀ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਪਰਮਾਣੂ ਬੰਬਾਂ ਨਾਲ ਲੈਸ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਨੂੰ ਹਾਈ ਅਲਰਟ ਉਤੇ ਰੱਖਿਆ ਹੈ। ਇਸ ਤੋਂ ਇਲਾਵਾ ਪਣਡੁੱਬੀਆਂ, ਬੰਬਾਰੀ ਕਰਨ ਵਾਲੇ ਜਹਾਜ਼ਾਂ ਨੂੰ ਵੀ ਉਨ੍ਹਾਂ ਹਾਈ ਅਲਰਟ ਉਤੇ ਰੱਖਿਆ ਹੈ। ਅਮਰੀਕਾ ਤੇ ਬਰਤਾਨੀਆ ਦੇ ਅਧਿਕਾਰੀਆਂ ਨੇ ਰੂਸ ਦੇ ਪੱਛਮ ਨਾਲ ਸਿੱਧੇ ਟਾਕਰੇ ਤੋਂ ਵੀ ਇਨਕਾਰ ਨਹੀਂ ਕੀਤਾ ਹੈ।
ਯੂਕਰੇਨ ਦੇ ਸੈਨਿਕਾਂ ਕੋਲ ਹਥਿਆਰਾਂ ਦੀ ਗਿਣਤੀ ਭਾਵੇਂ ਕਿ ਘੱਟ ਹੋਵੇ, ਪਰ ਦ੍ਰਿੜ੍ਹ ਇਰਾਦਿਆਂ ਨਾਲ ਲੈਸ ਇਨ੍ਹਾਂ ਸੈਨਿਕਾਂ ਨੇ ਘੱਟੋ-ਘੱਟ ਫਿਲਹਾਲ, ਰਾਜਧਾਨੀ ਕੀਵ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਰੂਸੀ ਸੈਨਿਕਾਂ ਦੀ ਰਫ਼ਤਾਰ ਘਟਾ ਦਿੱਤੀ। ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿਚ ਜੰਗ ਦੌਰਾਨ ਘੱਟੋ-ਘੱਟ 44 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਸੱਤ ਦੀ ਹਸਪਤਾਲਾਂ ਵਿਚ ਇਲਾਜ ਦੌਰਾਨ ਮੌਤ ਹੋ ਗਈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਿਛਲੇ 24 ਘੰਟਿਆਂ ਵਿਚ ਮਰਨ ਵਾਲੇ ਸਾਰੇ ਆਮ ਨਾਗਰਿਕ ਸਨ। ਉੱਧਰ, ਕੀਵ ਵਿਚ ਤਣਾਅ ਹੈ ਅਤੇ ਲੋਕ ਦੋ ਰਾਤਾਂ ਦੇ ਕਰਫਿਊ ਤੋਂ ਬਾਅਦ ਅੱਜ ਭੋਜਨ ਤੇ ਪਾਣੀ ਖ਼ਰੀਦਣ ਲਈ ਬਾਹਰ ਨਿਕਲੇ।ਸਰਕਾਰੀ ਐਮਰਜੈਂਸੀ ਏਜੰਸੀ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ ਕਿਉਂਕਿ ਸੋਮਵਾਰ ਨੂੰ ਰਿਹਾਇਸ਼ੀ ਖੇਤਰਾਂ ਵਿਚ ਹੋਈ ਗੋਲਾਬਾਰੀ ਕਰ ਕੇ ਹੋਏ ਨੁਕਸਾਨ ਦਾ ਮੁਲਾਂਕਣ ਕਰਨਾ ਅਜੇ ਬਾਕੀ ਹੈ। ਯੂਕਰੇਨ ਸੋਸ਼ਲ ਨੈੱਟਵਰਕਾਂ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿਚ ਰੂਸੀ ਬਲਾਂ ਨਾਲ ਲੜਾਈ ਵਿਚਾਲੇ ਰਿਹਾਇਸ਼ੀ ਇਮਾਰਤਾਂ ਵਿਚ ਲੜੀਵਾਰ ਧਮਾਕੇ ਹੁੰਦੇ ਦਿਖ ਰਹੇ ਹਨ। ਉੱਧਰ, ਰੂਸੀ ਫ਼ੌਜ ਵੱਲੋਂ ਰਿਹਾਇਸ਼ੀ ਖੇਤਰਾਂ, ਸਕੂਲਾਂ ਤੇ ਹਸਪਤਾਲਾਂ ਦੀਆਂ ਇਮਾਰਤਾਂ ਵਿਚ ਗੋਲਾਬਾਰੀ ਕੀਤੇ ਜਾਣ ਦੇ ਦੋਸ਼ਾਂ ਨੂੰ ਲਗਾਤਾਰ ਮੁੱਢੋਂ ਰੱਦ ਕੀਤਾ ਜਾ ਰਿਹਾ ਹੈ।ਉੱਧਰ, ਯੂਕਰੇਨ ਦੇ ਡਰੇ ਹੋਏ ਲੋਕ ਬੇਸਮੈਂਟਾਂ ਅਤੇ ਕੌਰੀਡੋਰ ਵਿਚ ਆਸਰਾ ਲੈਣ ਦੀ ਕੋਸ਼ਿਸ਼ ਰਹੇ ਹਨ। ਮ੍ਰਿਤਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗਿਆ ਹੈ ਪਰ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਘੱਟੋ-ਘੱਟ 16 ਬੱਚੇ ਮਾਰੇ ਗਏ ਹਨ ਅਤੇ 45 ਲੋਕ ਜ਼ਖ਼ਮੀ ਹੋ ਗਏ ਹਨ। ਦੂਜੇ ਪਾਸੇ ਸੰਯੁਕਤ ਰਾਸ਼ਟਰ ਮਨੁੱਖ ਅਧਿਕਾਰਾਂ ਦੇ ਮੁਖੀ ਨੇ ਕਿਹਾ ਕਿ ਹੁਣ ਤੱਕ 102 ਆਮ ਨਾਗਰਿਕਾਂ ਦੀ ਮੌਤ ਹੋ ਚੁੱਕੀ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਅਨੁਸਾਰ ਯੂਕਰੇਨ ਵਿਚ ਹਮਲੇ ਦੇ ਬਾਅਦ ਤੋਂ ਪੰਜ ਲੱਖ ਤੋਂ ਜ਼ਿਆਦਾ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ। -ਏਪੀ
ਅਮਰੀਕਾ ਨੇ ਬੇਲਾਰੂਸ ਵਿਚ ਦੂਤਾਵਾਸ ਬੰਦ ਕੀਤਾ
ਵਾਸ਼ਿੰਗਟਨ: ਅਮਰੀਕਾ ਨੇ ਆਪਣੇ ਨਾਗਰਿਕਾਂ ਦੇ ਰੂਸੀ ਸੈਂਟਰਲ ਬੈਂਕ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਉਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਈ ਅਹਿਮ ਰੂਸੀ ਫੰਡਾਂ ਨੂੰ ਬਲਾਕ ਕਰ ਦਿੱਤਾ ਹੈ। ਅਮਰੀਕਾ ਨੇ ਬੇਲਾਰੂਸ ਵਿਚ ਆਪਣਾ ਦੂਤਾਵਾਸ ਵੀ ਬੰਦ ਕਰ ਦਿੱਤਾ ਹੈ। ਮਿੰਸਕ ਵਿਚ ਦੂਤਾਵਾਸ ਬੰਦ ਕਰਨ ਦੇ ਨਾਲ ਹੀ ਅਮਰੀਕਾ ਨੇ ਰੂਸ ਵਿਚਲੇ ਆਪਣੇ ਦੂਤਾਵਾਸ ਤੋਂ ਗੈਰ-ਜ਼ਰੂਰੀ ਸਟਾਫ਼ ਨੂੰ ਪਰਤਣ ਲਈ ਕਹਿ ਦਿੱਤਾ ਹੈ। -ਏਪੀ
ਵਿਦੇਸ਼ ਸਕੱਤਰ ਨੇ ਸੰਸਦੀ ਕਮੇਟੀ ਨੂੰ ਯੂਕਰੇਨ ਦੇ ਹਾਲਾਤ ਬਾਰੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਨੂੰ ਅੱਜ ਯੂਕਰੇਨ ਦੇ ਹਾਲਾਤ ਅਤੇ ਭਾਰਤ ਵੱਲੋਂ ਉਥੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਮੇਟੀ ਨੂੰ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਯੂਕਰੇਨ ’ਚੋਂ ਕੱਢਣ ਲਈ ਸਰਹੱਦੀ ਨਾਕਿਆਂ ਅਤੇ ਹੰਗਰੀ, ਪੋਲੈਂਡ, ਰੋਮਾਨੀਆ, ਸਲੋਵਾਕੀਆ ਤੇ ਮੋਲਡੋਵਾ ’ਚ ਭਾਰਤੀ ਸਫ਼ਾਰਤਖਾਨਿਆਂ ’ਚ ਰੂਸੀ ਬੋਲਣ ਵਾਲੇ ਅਫ਼ਸਰ ਭੇਜੇ ਗਏ ਹਨ। ਭਾਜਪਾ ਆਗੂ ਪੀ ਪੀ ਚੌਧਰੀ ਦੀ ਅਗਵਾਈ ਹੇਠ ਸੰਸਦੀ ਕਮੇਟੀ ਨੇ ਅੱਜ ਉਚੇਚੇ ਤੌਰ ’ਤੇ ਮੀਟਿੰਗ ਸੱਦੀ ਸੀ। ਸੂਤਰਾਂ ਨੇ ਕਿਹਾ ਕਿ ਮੈਂਬਰਾਂ ਦੀ ਬੇਨਤੀ ’ਤੇ ਸ਼੍ਰਿੰਗਲਾ ਨੇ ਯੂਕਰੇਨ ਦੇ ਹਾਲਾਤ ਖਾਸ ਕਰਕੇ ਉਥੋਂ ਭਾਰਤੀ ਨਾਗਰਿਕਾਂ ਨੂੰ ਕੱਢੇ ਜਾਣ ਬਾਰੇ ਜਾਣਕਾਰੀ ਦਿੱਤੀ। ਕਮੇਟੀ ਮੈਂਬਰਾਂ ਨੂੰ ਸਰਕਾਰ ਵੱਲੋਂ ਅਪਰੇਸ਼ਨ ਗੰਗਾ ਦੇ ਵੇਰਵੇ ਦਿੱਤੇ ਗਏ ਜਿਸ ਤਹਿਤ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਲਿਆਂਦਾ ਜਾ ਰਿਹਾ ਹੈ। ਸ਼੍ਰਿੰਗਲਾ ਨੇ ਕਮੇਟੀ ਨੂੰ ਦੱਸਿਆ ਕਿ ਹੁਣ ਤੱਕ ਕਰੀਬ 1200 ਵਿਦਿਆਰਥੀਆਂ ਨੂੰ ਪੰਜ ਉਡਾਣਾਂ ਰਾਹੀਂ ਮੁਲਕ ਵਾਪਸ ਲਿਆਂਦਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਕਈ ਹਜ਼ਾਰ ਹੋਰ ਨਾਗਰਿਕ ਯੂਕਰੇਨੀ ਸਰਹੱਦ ਪਾਰ ਕਰਕੇ ਗੁਆਂਢੀ ਮੁਲਕਾਂ ’ਚ ਪਹੁੰਚ ਚੁੱਕੇ ਹਨ ਜਾਂ ਉਥੇ ਪਹੁੰਚਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂਕਰੇਨ ’ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰੈੱਡ ਕ੍ਰਾਸ ਨਾਲ ਵੀ ਰਲ ਕੇ ਕੰਮ ਕੀਤਾ ਜਾ ਰਿਹਾ ਹੈ। ਕਮੇਟੀ ਦੇ ਕੁਝ ਮੈਂਬਰਾਂ ਨੇ ਸੰਘਰਸ਼ ਬਾਰੇ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਪੁਜ਼ੀਸ਼ਨ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਭਾਰਤ ਨੇ ਫ਼ੌਰੀ ਹਿੰਸਾ ਰੋਕਣ ਦੀ ਵਕਾਲਤ ਕਰਦਿਆਂ ਦੋਵੇਂ ਮੁਲਕਾਂ ਨੂੰ ਕੂਟਨੀਤੀ ਅਤੇ ਵਾਰਤਾ ਦਾ ਰਾਹ ਅਪਣਾਉਣ ਲਈ ਕਿਹਾ ਹੈ। -ਪੀਟੀਆਈ
ਸੰਯੁਕਤ ਰਾਸ਼ਟਰ ’ਚ ਭਿੜੇ ਰੂਸ ਤੇ ਯੂਕਰੇਨ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਆਮ ਇਜਲਾਸ ਵੱਲੋਂ ਅੱਜ ਸੱਦੇ ਗਏ ਹੰਗਾਮੀ ਵਿਸ਼ੇਸ਼ ਸੈਸ਼ਨ ਦੌਰਾਨ ਰੂਸ ਤੇ ਯੂਕਰੇਨ ਵਿਚਾਲੇ ਤਿੱਖਾ ਟਕਰਾਅ ਦੇਖਣ ਨੂੰ ਮਿਲਿਆ। ਯੂਕਰੇਨ ਨੇ ਇਸ ਮੌਕੇ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਕਿ ਉਹ ਰੂਸ ਨੂੰ ਹਮਲੇ ਤੋਂ ਰੋਕੇ ਅਤੇ ਮਾਸਕੋ ਨੇ ਜ਼ੋਰ ਦੇ ਕੇ ਕਿਹਾ ਕਿ ਦੁਸ਼ਮਣੀ ਉਨ੍ਹਾਂ ਸ਼ੁਰੂ ਨਹੀਂ ਕੀਤੀ ਪਰ ਉਹ ਜੰਗ ਖ਼ਤਮ ਕਰਨ ਦਾ ਚਾਹਵਾਨ ਹੈ। ਇਸ ਤੋਂ ਪਹਿਲਾਂ 15 ਮੁਲਕਾਂ ਵਾਲੀ ਸਲਾਮਤੀ ਕੌਂਸਲ ਨੇ ਵੋਟਾਂ ਪਾ ਕੇ ਇਕ ਮਤਾ ਪਾਸ ਕੀਤਾ ਸੀ ਤੇ ਇਸ ਮੁੱਦੇ ਉਤੇ ਵਿਚਾਰ ਲਈ ਆਮ ਇਜਲਾਸ ਸੱਦਣ ਦੀ ਮੰਗ ਰੱਖੀ ਸੀ। ਆਮ ਇਜਲਾਸ ਦੇ 76ਵੇਂ ਸੈਸ਼ਨ ਵਿਚ ਸੰਯੁਕਤ ਰਾਸ਼ਟਰ ’ਚ ਯੂਕਰੇਨ ਦੇ ਰਾਜਦੂਤ ਸਰਗੀ ਕਿਸਲਿਤਸਿਆ ਨੇ ਇਜਲਾਸ ਦੌਰਾਨ ਆਪਣਾ ਬਿਆਨ ਰੂਸੀ ਵਿਚ ਪੜ੍ਹਿਆ। ਉਨ੍ਹਾਂ ਹਾਜ਼ਰ ਮੈਂਬਰਾਂ ਨਾਲ ਰੂਸੀ ਸੈਨਿਕ ਤੇ ਉਸ ਦੀ ਮਾਂ ਦਰਮਿਆਨ ਹੋਈ ਗੱਲਬਾਤ ਸਾਂਝੀ ਕੀਤੀ। ਇਹ ਰੂਸੀ ਸੈਨਿਕ ਜੰਗ ਵਿਚ ਮਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੂਤਿਨ ਨੇ ਰੂਸੀ ਪ੍ਰਮਾਣੂ ਤਾਕਤਾਂ ਨੂੰ ਤਿਆਰ ਰਹਿਣ ਬਾਰੇ ਕਹਿ ਕੇ ਦੂਜੀ ਵਿਸ਼ਵ ਜੰਗ ਜਾਂ ਉਸ ਤੋਂ ਵੱਡਾ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਇਸ ਲਈ ਹੁਣ ਇਹ ਵਿਸ਼ੇਸ਼ ਸੈਸ਼ਨ ਸੱਦਣਾ ਪਿਆ ਹੈ। ਯੂਕਰੇਨ ਨੇ ਮੰਗ ਕੀਤੀ ਕਿ ਰੂਸ ਦੀ ਕਾਰਵਾਈ ਨੂੰ ਉਨ੍ਹਾਂ ਦੀ ਖ਼ੁਦਮੁਖਤਿਆਰੀ ਉਤੇ ਹਮਲਾ ਮੰਨਿਆ ਜਾਵੇ। ਯੂਕਰੇਨ ਨੇ ਨਾਲ ਹੀ ਮੰਗ ਕੀਤੀ ਕਿ ਰੂਸੀ ਫ਼ੌਜਾਂ ਦੇਸ਼ ਵਿਚੋਂ ਨਿਕਲਣ। ਉਨ੍ਹਾਂ ਮੰਗ ਕੀਤੀ ਕਿ ਰੂਸ ਨੂੰ ਦੋਨੇਸਕ ਤੇ ਲੁਹਾਂਸਕ ਖਿੱਤਿਆਂ ਬਾਰੇ ਲਿਆ ਫੈਸਲਾ ਵਾਪਸ ਲੈਣ ਲਈ ਵੀ ਕਿਹਾ ਜਾਵੇ। ਬੇਲਾਰੂਸ ਦੀ ਜ਼ਿੰਮਵਾਰੀ ਤੈਅ ਕਰਨ ਦੀ ਮੰਗ ਵੀ ਕੀਤੀ ਗਈ। ਯੂਕਰੇਨ ਦੇ ਰਾਜਦੂਤ ਨੇ ਕਿਹਾ ਕਿ ਜੇ ਉਨ੍ਹਾਂ ਦਾ ਮੁਲਕ ਨਾ ਬਚਿਆ ਤਾਂ ਸੰਯੁਕਤ ਰਾਸ਼ਟਰ ਦੀ ਵੀ ਕੋਈ ਹੋਂਦ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਬਚਾਇਆ ਜਾਵੇ ਤੇ ਯੂਕਰੇਨੀਆਂ ਦੀਆਂ ਕਦਰਾਂ-ਕੀਮਤਾਂ ਦੀ ਰਾਖੀ ਕੀਤੀ ਜਾਵੇ। ਰੂਸ ਦੇ ਰਾਜਦੂਤ ਨੇ ਕਿਹਾ ਕਿ ਵਰਤਮਾਨ ਸੰਕਟ ਦਾ ਮੁੱਢ ਯੂਕਰੇਨ ਦੀਆਂ ਕਾਰਵਾਈਆਂ ਨੇ ਹੀ ਬੰਨ੍ਹਿਆ ਹੈ। ਕਈ ਸਾਲਾਂ ਤੱਕ ਇਸ ਨੇ ਮਿੰਸਕ ਸਮਝੌਤੇ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਨੇ ਸ਼ੁਰੂਆਤ ਨਹੀਂ ਕੀਤੀ ਤੇ ਉਹ ਜੰਗ ਖ਼ਤਮ ਕਰਨਾ ਚਾਹੁੰਦਾ ਹੈ। ਰੂਸ ਨੇ ਮੁੜ ਯੂਕਰੇਨ ਦੇ ਨਾਟੋ ਵਿਚ ਜਾਣ ਦਾ ਮੁੱਦਾ ਉਭਾਰਿਆ ਤੇ ਇਸ ਨੂੰ ਮੁਲਕ ਲਈ ਖ਼ਤਰਾ ਕਰਾਰ ਦਿੰਦਿਆਂ ਵਿਰੋਧ ਕੀਤਾ। -ਪੀਟੀਆਈ
ਯੂਐਨ ਦਾ ਹੰਗਾਮੀ ਇਜਲਾਸ: ਭਾਰਤ ਦੂਜੀ ਵਾਰ ਵੋਟਿੰਗਵਿੱਚੋਂ ਗ਼ੈਰਹਾਜ਼ਰ
ਸੰਯੁਕਤ ਰਾਸ਼ਟਰ: ਯੂਕਰੇਨ ’ਤੇ ਰੂਸ ਵੱਲੋਂ ਕੀਤੇ ਗਏ ਹਮਲੇ ਦੇ ਵਿਰੁੱਧ ਸੰਯੁਕਤ ਰਾਸ਼ਟਰ ਆਮ ਸਭਾ ਦਾ ਹੰਗਾਮੀ ਵਿਸ਼ੇਸ਼ ਇਜਲਾਸ ਸੱਦੇ ਜਾਣ ਦੇ ਸੁਰੱਖਿਆ ਕੌਂਸਲ ਵੱਲੋਂ ਰੱਖੇ ਗਏ ਮਤੇ ’ਤੇ ਭਾਰਤ ਨੇ ਕਿਸੇ ਵੀ ਧਿਰ ਦਾ ਪੱਖ ਨਹੀਂ ਲਿਆ ਅਤੇ ਉਸ ਨੇ ਆਪਣੀ ਗ਼ੈਰਹਾਜ਼ਰੀ ਦਰਜ ਕਰਵਾਈ। ਬੀਤੇ ਦੋ ਦਿਨਾਂ ’ਚ ਦੂਜੀ ਵਾਰ ਹੈ ਜਦੋਂ ਭਾਰਤ ਵੋਟਿੰਗ ’ਚੋਂ ਗ਼ੈਹਾਜ਼ਰ ਰਿਹਾ। ਉਂਜ ਭਾਰਤ ਨੇ ਕਿਹਾ ਕਿ ਯੂਕਰੇਨ ਸੰਕਟ ਨਾਲ ਸਿੱਝਣ ਲਈ ਕੂਟਨੀਤੀ ਅਤੇ ਗੱਲਬਾਤ ਦਾ ਰਾਹ ਅਪਣਾਇਆ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ ’ਚੋਂ ਭਾਰਤ, ਚੀਨ ਅਤੇ ਯੂਏਈ ਗ਼ੈਰਹਾਜ਼ਰ ਰਹੇ ਜਦਕਿ ਰੂਸ ਨੇ ਮਤੇ ਦੇ ਵਿਰੋਧ ’ਚ ਵੋਟ ਪਾਈ।ਸੁਰੱਖਿਆ ਕੌਂਸਲ ਦੇ 11 ਹੋਰ ਮੈਂਬਰਾਂ ਨੇ ਮਤੇ ਦੇ ਪੱਖ ’ਚ ਵੋਟ ਦਿੱਤਾ। ਵੋਟਿੰਗ ਪ੍ਰਕਿਰਿਆ ਦੌਰਾਨ ਸੁਰੱਖਿਆ ਕੌਂਸਲ ਦੇ ਪੰਜ ਸਥਾਈ ਮੈਂਬਰ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਆਪਣੀ ਵੀਟੋ ਤਾਕਤ ਦੀ ਵਰਤੋਂ ਨਹੀਂ ਕਰ ਸਕਦੇ ਸਨ। ਇਸ ਤਰ੍ਹਾਂ ਮਤਾ ਪ੍ਰਵਾਨ ਹੋ ਗਿਆ ਜਿਸ ਨਾਲ ਸੰਯੁਕਤ ਰਾਸ਼ਟਰ ਆਮ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਰਾਹ ਪੱਧਰਾ ਹੋ ਗਿਆ ਹੈ। ਮਤੇ ’ਚ ਕਿਹਾ ਗਿਆ ਹੈ ਕਿ ਕੌਂਸਲ ਨੇ ਸ਼ੁੱਕਰਵਾਰ ਨੂੰ ਪਾਏ ਗਏ ਮਤੇ ’ਤੇ ਪੱਕੇ ਮੈਂਬਰਾਂ ’ਚ ਸਰਬਸੰਮਤੀ ਦੀ ਘਾਟ ਨੂੰ ਦੇਖਦਿਆਂ ਯੂਕਰੇਨ ਸੰਕਟ ਦੀ ਪੜਤਾਲ ਲਈ ਆਮ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਫ਼ੈਸਲਾ ਲਿਆ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਪੱਕੇ ਨੁਮਾਇੰਦੇ ਟੀਐੱਸ ਤ੍ਰਿਮੂਰਤੀ ਨੇ ਵੋਟਿੰਗ ’ਚੋਂ ਗ਼ੈਰਹਾਜ਼ਰ ਰਹਿਣ ਦਾ ਸਪੱਸ਼ਟੀਕਰਨ ਦਿੰਦਿਆਂ ਕਿਹਾ,‘‘ਇਹ ਅਫ਼ਸੋਸ ਦੀ ਗੱਲ ਹੈ ਕਿ ਇਸ ਮਾਮਲੇ ’ਤੇ ਸੁਰੱਖਿਆ ਕੌਂਸਲ ਦੀ ਮੀਟਿੰਗ ਸੱਦੇ ਜਾਣ ਤੋਂ ਬਾਅਦ ਯੂਕਰੇਨ ’ਚ ਹਾਲਾਤ ਹੋਰ ਖ਼ਰਾਬ ਹੋਏ ਹਨ।’’ ਉਨ੍ਹਾਂ ਕਿਹਾ ਕਿ ਕੂਟਨੀਤੀ ਅਤੇ ਗੱਲਬਾਤ ਦਾ ਰਾਹ ਅਪਣਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੂਸੀ ਅਤੇ ਯੂਕਰੇਨੀ ਆਗੂਆਂ ਨਾਲ ਆਪਣੀ ਗੱਲਬਾਤ ’ਚ ਇਸ ਗੱਲ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਉਨ੍ਹਾਂ ਬੇਲਾਰੂਸ ਸਰਹੱਦ ’ਤੇ ਦੋਵੇਂ ਮੁਲਕਾਂ ਵੱਲੋਂ ਗੱਲਬਾਤ ਦੇ ਐਲਾਨ ਦਾ ਵੀ ਸਵਾਗਤ ਕੀਤਾ। ਤ੍ਰਿਮੂਰਤੀ ਨੇ ਕਿਹਾ ਕਿ ਭਾਰਤ, ਯੂਕਰੇਨ ’ਚ ਫਸੇ ਭਾਰਤੀਆਂ ਦੀ ਸੁਰੱਖਿਆ ਬਾਰੇ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਗੁੰਝਲਦਾਰ ਅਤੇ ਬੇਯਕੀਨੀ ਵਾਲੇ ਮਾਹੌਲ ਕਾਰਨ ਬਚਾਅ ਦੀਆਂ ਸਾਡੀਆਂ ਕੋਸ਼ਿਸ਼ਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ‘ਅਜਿਹੇ ਹਾਲਾਤ ਨੂੰ ਦੇਖਦਿਆਂ ਅਸੀਂ ਵੋਟਿੰਗ ਤੋਂ ਦੂਰ ਰਹਿਣ ਦਾ ਫ਼ੈਸਲਾ ਲਿਆ ਹੈ।’ ਪਿਛਲੇ 40 ਸਾਲਾਂ ’ਚ ਇਹ ਪਹਿਲੀ ਵਾਰ ਹੈ ਕਿ ਸੰਯੁਕਤ ਰਾਸ਼ਟਰ ਆਮ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾ ਰਿਹਾ ਹੈ। ਇਹ 1950 ਤੋਂ ਬਾਅਦ 11ਵਾਂ ਅਜਿਹਾ ਹੰਗਾਮੀ ਇਜਲਾਸ ਹੋਵੇਗਾ। ਸੰਯੁਕਤ ਰਾਸ਼ਟਰ ’ਚ ਅਮਰੀਕੀ ਸਫ਼ੀਰ ਲਿੰਡਾ ਥੌਮਸ ਗ੍ਰੀਨਫੀਲਡ ਨੇ ਕਿਹਾ ਕਿ ਸੁਰੱਖਿਆ ਕੌਂਸਲ ਨੇ ਰੂਸ ਨੂੰ ਜਵਾਬਦੇਹ ਠਹਿਰਾਉਣ ਲਈ ਅਹਿਮ ਕਦਮ ਉਠਾਇਆ ਹੈ। ਯੂਕਰੇਨ ਦੇ ਸਫ਼ੀਰ ਸਰਗੇਈ ਕਿਸਲਿਤਸੀਆ ਨੇ ਕਿਹਾ ਕਿ ਜਿਹੜੇ ਮੈਂਬਰ ਮਤੇ ਦੀ ਹਮਾਇਤ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਯੂਕਰੇਨ ਦੇ ਜ਼ਿਆਦਾਤਰ ਸ਼ਹਿਰਾਂ ’ਚ ਹਵਾਈ ਹਮਲਿਆਂ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਜੰਗ ਦੀਆਂ ਤਸਵੀਰਾਂ ਅਤੇ ਫੁਟੇਜ ਦੇਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਪਰਮਾਣੂ ਹਮਲੇ ਦੀ ਧਮਕੀ ਨਾਲ ਬਲੈਕਮੇਲ ਕੀਤਾ ਜਾ ਰਿਹਾ ਹੈ ਅਤੇ ਇਸ ਧਮਕੀ ਨੂੰ ਪੂਰੀ ਦੁਨੀਆ ਗੰਭੀਰਤਾ ਨਾਲ ਲਵੇ। ਰੂਸੀ ਸਫ਼ੀਰ ਵੈਸਿਲੀ ਨੇਬੇਂਜ਼ੀਆ ਨੇ ਸੁਰੱਖਿਆ ਕੌਂਸਲ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਸਹਾਇਤਾ ਦੇਣੀ ਬੰਦ ਕਰਨ ਅਤੇ ਰੂਸੀ ਫੈਡਰੇਸ਼ਨ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਪ੍ਰਚਾਰਿਆ ਜਾ ਰਿਹਾ ਕੂੜ ਪ੍ਰਚਾਰ ਬੰਦ ਕਰਨ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਸ਼ਹਿਰਾਂ, ਹਸਪਤਾਲਾਂ ਅਤੇ ਸਕੂਲਾਂ ’ਚ ਅੰਨ੍ਹੇਵਾਹ ਗੋਲਾਬਾਰੀ ਬਾਰੇ ਝੂਠ ਫੈਲਾਇਆ ਜਾ ਰਿਹਾ ਹੈ ਅਤੇ ਰੂਸੀ ਫ਼ੌਜ ਕਿਸੇ ਆਮ ਨਾਗਰਿਕ ਨੂੰ ਨਿਸ਼ਾਨਾ ਨਹੀਂ ਬਣਾ ਰਹੀ ਹੈ। -ਪੀਟੀਆਈ