ਲਾਹੌਰ, 4 ਦਸੰਬਰ
ਪਾਕਿਸਤਾਨ ਦੀ ਇੱਕ ਅਤਿਵਾਦ ਵਿਰੋਧੀ ਅਦਾਲਤ (ਏਟੀਸੀ) ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦੀ ਜਥੇਬੰਦੀ ਜਮਾਤ-ਉਦ-ਦਾਅਵਾ (ਜੇਡੀਯੂ) ਦੇ ਤਿੰੰਨ ਹੋਰ ਆਗੂਆਂ ਨੂੰ 15-15 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਅਤਿਵਾਦ ਲਈ ਫ਼ੰਡਿੰਗ ਦੇ ਦੋ ਹੋਰ ਕੇਸਾਂ ’ਚ ਸੁਣਾਈ ਗਈ ਹੈ। ਏਟੀਸੀ ਲਾਹੌਰ ਦੇ ਜੱਜ ਇਜਾਜ਼ ਅਹਿਮਦ ਬੁੱਟਰ ਵੱਲੋਂ ਅਬਦੁੱਲ ਸਲਮਾਨ ਬਿਨ ਮੁਹੰਮਦ, ਜ਼ਫਰ ਇਕਬਾਲ ਅਤੇ ਮੁਹੰਮਦ ਅਸ਼ਰਫ ਨੂੰ ਸਜ਼ਾ ਵੀਰਵਾਰ ਨੂੰ ਸੁਣਾਈ ਗਈ। ਜੱਜ ਵੱਲੋਂ ਫ਼ੈਸਲਾ ਸੁਣਾਉਣ ਸਮੇਂ ਉੱਚ ਸੁਰੱਖਿਆ ਹੇਠ ਤਿੰਨੋਂ ਮੁਲਜ਼ਮ ਅਦਾਲਤ ’ਚ ਮੌਜੂਦ ਸਨ ਅਤੇ ਮੀਡੀਆ ਨੂੰ ਸੁਣਵਾਈ ਦੌਰਾਨ ਕਵਰੇਜ ਦੀ ਆਗਿਆ ਨਹੀਂ ਦਿੱਤੀ ਗਈ। ਏਟੀਸੀ ਵੱਲੋਂ ਮੁਜਾਹਿਦ ਨੂੰ ਪਿਛਲੇ ਮਹੀਨੇ ਅਤਿਵਾਦ ਫੰਡਿੰਗ ਦੇ ਦੋ ਕੇਸਾਂ ’ਚ 32 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ। ਜਮਾਤ ਦਾ ਸੀਨੀਅਰ ਆਗੂ ਜ਼ਫਰ ਇਕਬਾਲ ਅਤਿਵਾਦੀ ਫੰਡਿੰਗ ਦੇ ਕੇਸਾਂ ’ਚ ਹੁਣ 41 ਸਾਲਾਂ ਦੀ ਇਕੱਠੀ ਸਜ਼ਾ ਭੁਗਤੇਗਾ।
-ਪੀਟੀਆਈ