ਹਿਊਸਟਨ: ਅਮਰੀਕੀ ਸੂਬੇ ਟੈਕਸਸ ’ਚ ਭਾਰਤੀ ਮੂਲ ਦੇ ਪਹਿਲੇ ਸਿੱਖ ਅਮਰੀਕੀ ਅਧਿਕਾਰੀ ਸੰਦੀਪ ਧਾਲੀਵਾਲ ਦੀ 2019 ’ਚ ਕੀਤੀ ਗਈ ਹੱਤਿਆ ਦੇ ਕੇਸ ’ਚ ਇੱਥੋਂ ਦੀ ਅਦਾਲਤ ਨੇ ਮੁਲਜ਼ਮ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਿਊਸਟਨ ’ਚ ਹੈਰਿਸ ਕਾਊਂਟੀ ’ਚ ਅਪਰਾਧਿਕ ਅਦਾਲਤ ਦੇ ਜੱਜ ਨੇ ਰੌਬਰਟ ਸੋਲਿਸ (50) ਨੂੰ ਧਾਲੀਵਾਲ ਦੀ ਹੱਤਿਆ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਹੈ। ਧਾਲੀਵਾਲ (42) ਹੈਰਿਸ ਕਾਊਂਟੀ ਸ਼ੈਰਿਫ ਦੇ ਦਫ਼ਤਰ ’ਚ 10 ਸਾਲ ਤੋਂ ਸੇਵਾ ਨਿਭਾਅ ਰਿਹਾ ਸੀ। 2015 ’ਚ ਵਰਦੀ ਨਾਲ ਪੱਗ ਬੰਨ੍ਹਣ ਦੀ ਇਜਾਜ਼ਤ ਮਿਲਣ ਕਾਰਨ ਉਹ ਚਰਚਾ ’ਚ ਆਇਆ ਸੀ। 27 ਸਤੰਬਰ 2019 ਨੂੰ ਡਿਊਟੀ ’ਤੇ ਤਾਇਤਾਨ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜੱਜ ਵੱਲੋਂ ਬੀਤੇ ਦਿਨ ਫ਼ੈਸਲਾ ਸੁਣਾਏ ਜਾਣ ਸਮੇਂ ਧਾਲੀਵਾਲ ਦਾ ਪਰਿਵਾਰ ਵੀ ਅਦਾਲਤ ’ਚ ਹਾਜ਼ਰ ਸੀ। ਜੱਜ ਨੇ ਫ਼ੈਸਲਾ ਸੁਣਾਉਣ ’ਚ 30 ਮਿੰਟ ਤੋਂ ਵੀ ਘੱਟ ਸਮਾਂ ਲਿਆ। ਸੋਲਿਸ ਨੇ ਆਪਣੇ ਵਕੀਲ ਨੂੰ ਹਟਾ ਕੇ ਖੁਦ ਅਦਾਲਤ ’ਚ ਆਪਣਾ ਪੱਖ ਰੱਖਿਆ। ਉਸ ਨੇ ਜੱਜ ਨੂੰ ਕਿਹਾ, ‘ਕਿਉਂਕਿ ਤੁਸੀਂ ਮੰਨਦੇ ਹੋ ਕਿ ਮੈਂ ਹੱਤਿਆ ਦਾ ਦੋਸ਼ੀ ਹਾਂ। ਇਸ ਲਈ ਮੇਰਾ ਮੰਨਣਾ ਹੈ ਕਿ ਤੁਸੀਂ ਮੈਨੂੰ ਮੌਤ ਦੀ ਸਜ਼ਾ ਸੁਣਾਓਗੇ।’ ਸੋਲਿਸ ਨੂੰ ਹੱਤਿਆ ਦਾ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਜਿਊਰੀ ਨੇ 25 ਮਿੰਟ ਤੱਕ ਇਸ ’ਤੇ ਵਿਚਾਰ-ਚਰਚਾ ਕੀਤੀ। ਸੋਲਿਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਤਿੰਨ ਸਾਲ ਬਾਅਦ ਇਸ ਕੇਸ ’ਚ ਫ਼ੈਸਲਾ ਆਇਆ ਹੈ। -ਪੀਟੀਆਈ