ਲੰਡਨ: ਟੈਕਸਸ (ਅਮਰੀਕਾ) ਦੇ ਇੱਕ ਪ੍ਰਰਾਥਨਾ ਸਥਾਨ ’ਤੇ ਲੋਕਾਂ ਨੂੰ ਬੰਧਕ ਬਣਾਉਣ ਦੀ ਘਟਨਾ ਦੇ ਸਬੰਧ ਵਿੱਚ ਬਰਤਾਨੀਆ ਪੁਲੀਸ ਨੇ ਅੱਜ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਪੁਲੀਸ ਨਾਰਥ ਵੈਸਟ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਅੱਜ ਬਰਮਿੰਘਮ, ਸੈਂਟਰਲ ਇੰਗਲੈਂਡ ਤੋਂ ਅਤੇ ਇੱਕ ਹੋਰ ਨੂੰ ਮਾਨਚੈਸਟਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੂੰ ਪੁੱਛ ਪੜਤਾਲ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਾਲੇ ਉਨ੍ਹਾਂ ’ਤੇ ਦੋਸ਼ ਨਹੀਂ ਲਾਏ ਗਏ ਹਨ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਨਾਗਰਿਕ ਅਕਰਮ ਮਲਿਕ (44) ਨੇ 16 ਜਨਵਰੀ ਨੂੰ ਟੈਕਸਸ ਦੇ ਇੱਕ ਪ੍ਰਾਰਥਨਾ ਸਥਾਨ ’ਚ ਦਾਖਲ ਹੋ ਕੇ 4 ਜਣਿਆਂ ਨੂੰ ਬੰਧਕ ਬਣਾ ਲਿਆ ਸੀ, ਅਤੇ ਬੰਧਕਾਂ ਨੂੰ ਛੁਡਾਉਣ ਦੀ ਕਾਰਵਾਈ ਦੌਰਾਨ ਅਕਰਮ ਮਾਰਿਆ ਗਿਆ ਸੀ। ਅਕਰਮ ਲੱਗਪਗ ਦੋ ਹਫ਼ਤੇ ਪਹਿਲਾਂ ਅਮਰੀਕਾ ਗਿਆ ਸੀ। -ਏਪੀ