ਬਮਾਕੋ, 19 ਅਗਸਤ
ਮਾਲੀ ਵਿੱਚ ਮੰਗਲਵਾਰ ਦੇਰ ਰਾਤ ਫੌਜ ਵੱਲੋਂ ਕੀਤੇ ਰਾਜਪਲਟੇ ਮਗਰੋਂ ਰਾਸ਼ਟਰਪਤੀ ਇਬਰਾਹਿਮ ਬੁਬਾਕਾਰ ਕੇਟਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫੌਜ ਨੇ ਦੇਰ ਰਾਤ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ। ਪ੍ਰਦਰਸ਼ਨਕਾਰੀ ਪਿਛਲੇ ਕਈ ਮਹੀਨਿਆਂ ਤੋਂ ਕੇਟ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਕੌਮਾਂਤਰੀ ਭਾਈਚਾਰੇ ਨੇ ਇਸ ਪੂਰੇ ਘਟਨਾਕ੍ਰਮ ਦੀ ਨਿਖੇਧੀ ਕੀਤੀ ਹੈ।
ਊਧਰ ਸਰਕਾਰ ਦਾ ਤਖ਼ਤਾ ਪਲਟਾਉਣ ਵਾਲਿਆਂ ਨੇ ਸਰਕਾਰੀ ਟੀਵੀ ’ਤੇ ਜਾਰੀ ਇਕ ਬਿਆਨ ਵਿੱਚ ਆਪਣੀ ਪਛਾਣ ਕਰਨਲ ਮੇਜਰ ਇਸਮਾਈਲ ਵੇਗ ਦੀ ਅਗਵਾਈ ਵਾਲੀ ਨੈਸ਼ਨਲ ਕਮੇਟੀ ਫਾਰ ਸਾਲਵੇਸ਼ਨ ਆਫ਼ ਦੀ ਪੀਪਲ ਵਜੋਂ ਦੱਸੀ ਹੈ। ਫੌਜ ਨੇ ਜਲਦੀ ਹੀ ਮੁਲਕ ਵਿੱਚ ਨਵੇਂ ਸਿਰਿਓਂ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਹੈ। ਕੇਟ ਦੇ ਅਸਤੀਫ਼ੇ ਦੇ ਐਲਾਨ ਮਗਰੋਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਜਿੱਥੇ ਜਸ਼ਨ ਮਨਾਏ, ਉਥੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੇ ਬੁੱਧਵਾਰ ਦੁਪਹਿਰੇ ਇਕ ਮੀਟਿੰਗ ਕਰਕੇ ਮਾਲੀ ਦੇ ਮੌਜੂਦਾ ਹਾਲਾਤ ’ਤੇ ਨਜ਼ਰਸਾਨੀ ਕੀਤੀ। ਮਾਲੀ ਵਿੱਚ ਯੂਐੱਨ ਦੇ ਅਮਲ ਬਹਾਲੀ ਨਾਲ ਜੁੜੇ ਮਿਸ਼ਨ ਦੇ 15,600 ਕਾਮੇ ਤਾਇਨਾਤ ਹਨ। ਰਾਸ਼ਟਰਪਤੀ ਇਬਰਾਹਿਮ ਕੇਟਾ, ਜਿਨ੍ਹਾਂ ਦਾ ਅਜੇ ਤਿੰਨ ਸਾਲ ਦਾ ਕਾਰਜਕਾਲ ਪਿਆ ਸੀ, ਨੇ ਅਸਤੀਫ਼ੇ ਦੇ ਐਲਾਨ ਨਾਲ ਹੀ ਆਪਣੀ ਸਰਕਾਰ ਤੇ ਕੌਮੀ ਅਸੈਂਬਲੀ ਨੂੰ ਵੀ ਭੰਗ ਕਰ ਦਿੱਤਾ। ਕੇਟਾ ਪਹਿਲਾਂ 2013 ਵਿੱਚ ਜਮਹੂਰੀ ਢੰਗ ਨਾਲ ਚੁਣਿਆ ਗਿਆ ਸੀ ਤੇ ਮਗਰੋਂ ਪੰਜ ਸਾਲ ਬਾਅਦ ਉਹ ਫਿਰ ਚੋਣ ਜਿੱਤ ਗਿਆ। ਤਖਤਾ ਪਲਟ ਤੋਂ ਪਹਿਲਾਂ ਫ਼ੌਜ ਨੇ ਕਾਟੀ ਦੇ ਫੌਜੀ ਕਸਬੇ ਵਿਚਲੀ ਆਰਮਰੀ ’ਚੋਂ ਹਥਿਆਰ ਆਪਣੇ ਕਬਜ਼ੇ ਵਿੱਚ ਲਏ ਤੇ ਮਗਰੋਂ ਰਾਜਧਾਨੀ ਬਮਾਕੋ ਵੱਲ ਰੁਖ਼ ਕਰਦਿਆਂ ਰਾਸ਼ਟਰਪਤੀ ਇਬਰਾਹਿਮ ਕੇਟਾ ਤੇ ਪ੍ਰਧਾਨ ਮੰਤਰੀ ਬੁਬੂ ਸਿਸੇ ਨੂੰ ਹਿਰਾਸਤ ਵਿੱਚ ਲੈ ਲਿਆ। -ਏਪੀ